Jalandhar News: ਦੁਆਬਾ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਆਦਮਪੁਰ ਸਿਵਲ ਹਵਾਈ ਅੱਡੇ ਤੋਂ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਸਟਾਰ ਏਅਰਲਾਈਨਜ਼ ਦੋ ਮਾਰਚ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਇਸ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਕੀਤਾ ਜਾਵੇਗਾ। ਉਸ ਮਗਰੋਂ ਪਹਿਲੀ ਉਡਾਣ ਹਿੰਡਨ ਲਈ ਰਵਾਨਾ ਹੋਵੇਗੀ।
ਦੱਸ ਦਈਏ ਕਿ ਦੁਆਬਾ ਇਲਾਕੇ ਦੇ ਪਰਵਾਸੀ ਭਾਰਤੀਆਂ ਤੇ ਕਾਰੋਬਾਰੀ ਭਾਈਚਾਰੇ ਵੱਲੋਂ ਇੱਥੋਂ ਮੁੜ ਉਡਾਣਾਂ ਸ਼ੁਰੂ ਹੋਣ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਸਾਲ ਜੁਲਾਈ ਵਿੱਚ ਸਟਾਰ ਏਅਰ ਤੇ ਸਪਾਈਸਜੈਟ ਨੂੰ ਹਿੰਡਨ, ਬੰਗਲੂਰੂ, ਗੋਆ, ਕੋਲਕਾਤਾ ਤੇ ਨਾਂਦੇੜ ਸਮੇਤ ਪੰਜ ਥਾਵਾਂ ਦੀ ਉਡਾਣ ਲਈ ਟੈਂਡਰਿੰਗ ਪ੍ਰਣਾਲੀ ਰਾਹੀਂ ਠੇਕੇ ਦਿੱਤੇ ਸਨ।
ਕਿਸਾਨਾਂ ਜਾਂ ਹੋਰ ਅੰਦੋਲਨਕਾਰੀਆਂ ਵੱਲੋਂ ਪੰਜਾਬ ਵਿੱਚ ਜਾਮ ਤੇ ਹਾਈਵੇਅ ਜਾਮ ਦੇ ਮੁੱਦੇ ਕਾਰਨ ਆਦਮਪੁਰ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਦੀ ਮੰਗ ਵਧਦੀ ਜਾ ਰਹੀ ਸੀ, ਕਿਉਂਕਿ ਆਦਮਪੁਰ ਨੂੰ ਸਰਕਾਰ ਦੀ ਇੱਕ ਖੇਤਰੀ ਕੁਨੈਕਟੀਵਿਟੀ ਸਕੀਮ ਤਹਿਤ ਕਵਰ ਕੀਤਾ ਗਿਆ ਸੀ।
ਸਿਵਲ ਹਵਾਈ ਅੱਡੇ ਵਿੱਚ ਸਾਲ 2018 ਵਿੱਚ ਸਪਾਈਸਜੈੱਟ ਵੱਲੋਂ ਉਡਾਣ ਸ਼ੁਰੂ ਕੀਤੀ ਗਈ ਸੀ ਤੇ 78 ਸੀਟਾਂ ਵਾਲੇ ਜਹਾਜ਼ ਨਾਲ ਦਿੱਲੀ ਨਾਲ ਜੋੜਿਆ ਗਿਆ ਸੀ। ਇਸ ਸਕੀਮ ਨੂੰ ਫਿਰ ਮੁੰਬਈ ਤੇ ਜੈਪੁਰ ਤੱਕ ਵਧਾਇਆ ਗਿਆ ਸੀ ਪਰ ਇਹ ਸੇਵਾ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਆਦਮਪੁਰ ਵਿੱਚ ਸਾਲ 2019 ਵਿੱਚ 115 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਰਮੀਨਲ ਸ਼ੁਰੂ ਕਰਨ ਦਾ ਕੰਮ ਸ਼ੁਰੂ ਹੋਇਆ। ਇੱਥੇ ਹੁਣ 300 ਤੋਂ ਵੱਧ ਯਾਤਰੀਆਂ ਦੇ ਬੈਠਣ ਤੇ 150 ਕਾਰਾਂ ਲਈ ਪਾਰਕਿੰਗ ਦੀ ਸਹੂਲਤ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।