Jalandhar News: ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ਏਐਸਆਈਜ਼ ਦੀਆਂ ਲਾਸ਼ਾਂ ਸ਼ੱਕੀ ਹਾਲਾਤ 'ਚ ਮਿਲਣ ਮਗਰੋਂ ਸਨਸਨੀ ਦਾ ਮਾਹੌਲ ਬਣ ਗਿਆ ਹੈ। ਇਹ ਦੋਵੇਂ ਥਾਣੇਦਾਰ ਚੋਰੀ ਦੇ ਨਾਬਾਲਗ ਮੁਲਜ਼ਮ ਨੂੰ ਸੁਧਾਰ ਘਰ ਛੱਡਣ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਹੋਈਆਂ।
ਹਾਸਲ ਜਾਣਕਾਰੀ ਮੁਤਾਬਕ ਦੋਵੇਂ ਏਐਸਆਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਪਛਾਣ ਏਐਸਆਈ ਪ੍ਰੀਤਮ ਦਾਸ ਤੇ ਜੀਵਨ ਲਾਲ ਵਜੋਂ ਹੋਈ ਹੈ। ਇਹ ਦੋਵੇਂ ਕਪੂਰਥਲਾ ਪੁਲਿਸ ਵਿੱਚ ਤਾਇਨਾਤ ਸਨ। ਦੋਵਾਂ ਦੀਆਂ ਲਾਸ਼ਾਂ ਨੂੰ ਜਲੰਧਰ ਦੇ ਜੀਆਰਪੀ ਥਾਣੇ ਦੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਡਿਊਟੀ 'ਤੇ ਸਨ। ਜਿਵੇਂ ਹੀ ਉਹ ਆਪਣੇ ਕਮਰੇ ਤੋਂ ਬਾਹਰ ਆਇਆ ਤਾਂ ਉਸ ਨੇ ਖੁਰਦਪੁਰ ਸਟੇਸ਼ਨ 'ਤੇ ਬਣ ਰਹੀ ਇੱਕ ਇਮਾਰਤ ਕੋਲ ਕੁਝ ਸਾਮਾਨ ਪਿਆ ਦੇਖਿਆ। ਜਦੋਂ ਨੇੜੇ ਗਿਆ ਤਾਂ ਦੇਖਿਆ ਕਿ ਇਹ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਨ। ਇਸ ਤੋਂ ਬਾਅਦ ਤੁਰੰਤ ਮਾਮਲੇ ਦੀ ਸੂਚਨਾ ਸਭ ਤੋਂ ਪਹਿਲਾਂ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਥਾਣਾ ਆਦਮਪੁਰ ਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਜਾਂਚ ਲਈ ਪਹੁੰਚੀਆਂ। ਇਸ ਮਾਮਲੇ 'ਚ ਪੁਲਿਸ ਨੇ ਤੁਰੰਤ ਦੇਰ ਰਾਤ ਫੋਰੈਂਸਿਕ ਟੀਮ ਨੂੰ ਬੁਲਾਇਆ।
ਸੂਤਰਾਂ ਅਨੁਸਾਰ ਨਾਬਾਲਗ ਚੋਰ ਨੂੰ ਲੈ ਕੇ ਜਦੋਂ ਪੁਲਿਸ ਟੀਮ ਆਦਮਪੁਰ ਤੋਂ ਹੁਸ਼ਿਆਰਪੁਰ ਲਈ ਗਈ ਤਾਂ ਰਸਤੇ 'ਚ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਰੋਕਿਆ। ਇੱਥੇ ਉਕਤ ਨਾਬਾਲਗ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਹਾਲਾਂਕਿ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਫਿਲਹਾਲ ਮਾਮਲੇ 'ਚ ਕਤਲ ਦੇ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਐਸਆਈ ਪ੍ਰੀਤਮ ਸਿੰਘ ਤੇ ਜੀਵਨ ਲਾਲ ਸੋਮਵਾਰ ਦੁਪਹਿਰ ਚੋਰੀ ਦੇ ਦੋ ਮੁਲਜ਼ਮ ਨੂੰ ਪੇਸ਼ੀ ਲਈ ਜਲੰਧਰ ਲੈ ਕੇ ਆਏ ਸਨ। ਦੋਵਾਂ ਨੂੰ ਦੁਪਹਿਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਇੱਕ ਮੁਲਜ਼ਮ ਨੂੰ ਜਲੰਧਰ ਦੇਹਾਤ ਦੇ ਥਾਣਾ ਆਦਮਪੁਰ ਵਿਖੇ ਛੱਡਣਾ ਸੀ।
ਇਹ ਵੀ ਪੜ੍ਹੋ: ਪੰਜਾਬ ਵਿਚ 17 ਅਕਤੂਬਰ ਦੀ ਛੁੱਟੀ, ਸਕੂਲ-ਕਾਲਜ, ਸਰਕਾਰੀ ਦਫਤਰ ਰਹਿਣਗੇ ਬੰਦ
ਇਸ ਮਗਰੋਂ ਦੋਵੇਂ ਏਐਸਆਈ ਦੂਜੇ ਨਾਬਾਲਗ ਮੁਲਜ਼ਮ ਨੂੰ ਲੈ ਕੇ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਜਦੋਂ ਦੋਵੇਂ ਏਐਸਆਈ ਸ਼ਾਮ ਨੂੰ ਨਾਬਾਲਿਗ ਨੂੰ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਕਿਧਰੇ ਲਾਪਤਾ ਹੋ ਗਏ।
ਦੱਸ ਦਈਏ ਕਿ ਜਦੋਂ ਜੀਆਰਪੀ ਪੁਲਿਸ ਜਾਂਚ ਕਰ ਰਹੀ ਸੀ ਤਾਂ ਦੋਵਾਂ ਦੀਆਂ ਜੇਬਾਂ ਵਿੱਚੋਂ ਪੰਜਾਬ ਪੁਲਿਸ ਦਾ ਆਈਡੀ ਕਾਰਡ ਮਿਲਿਆ। ਇਸ ਤੋਂ ਪਤਾ ਲੱਗਾ ਹੈ ਕਿ ਦੋਵੇਂ ਮ੍ਰਿਤਕ ਪੁਲਿਸ ਮੁਲਾਜ਼ਮ ਸਨ। ਮਾਮਲੇ ਦੀ ਸੂਚਨਾ ਤੁਰੰਤ ਜਲੰਧਰ ਦੇਹਾਤ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਕਤਲ ਤੇ ਖੁਦਕੁਸ਼ੀ ਦੇ ਐਂਗਲ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।