Jalandhar News: ਜਲੰਧਰ 'ਚ ਲੁਟੇਰਿਆਂ ਤੇ ਚੋਰਾਂ ਦੀ ਦਹਿਸ਼ਤ ਜਾਰੀ ਹੈ। ਹੁਣ ਸ਼ਹਿਰ ਦੇ ਰਾਜਨਗਰ 'ਚ ਲੁੱਟ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਦੀ ਹੈ ਪਰ ਪਰਿਵਾਰ ਨੇ ਸਦਮੇ ਕਾਰਨ ਕਿਸੇ ਨੂੰ ਨਹੀਂ ਦੱਸਿਆ। ਆਖਰ ਕੱਲ੍ਹ ਦੇਰ ਸ਼ਾਮ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਇੱਕ ਪਾਖੰਡੀ ਬਾਬੇ ਨੇ ਬਜ਼ੁਰਗ ਜੋੜੇ ਹਰਭਜਨ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਨੂੰ ਲੁੱਟ ਲਿਆ ਤੇ ਫਰਾਰ ਹੋ ਗਿਆ। ਬਾਬੇ ਦੇ ਭੇਸ 'ਚ ਆਏ ਲੁਟੇਰੇ ਨੇ ਬਜ਼ੁਰਗ ਜੋੜੇ ਨੂੰ ਘਰ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਝਾਂਸਾ ਦੇ ਕੇ 14 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।



ਲੁਟੇਰੇ ਬਾਬੇ ਵੱਲੋਂ ਗਹਿਣੇ ਲੁੱਟਣ ਦੀ ਸ਼ਿਕਾਇਤ ਥਾਣਾ ਬਾਵਾ ਬਸਤੀ ਖੇਲ ਵਿਖੇ ਦਰਜ ਕਰਵਾਈ ਗਈ ਹੈ। ਪਤਾ ਲੱਗਾ ਹੈ ਕਿ ਬਜ਼ੁਰਗ ਜੋੜਾ ਜਦੋਂ ਬੈਂਕ ਵਿੱਚ ਪੈਸੇ ਕਢਵਾਉਣ ਗਿਆ ਸੀ ਤਾਂ ਬਾਹਰ ਨਿਕਲਦੇ ਹੀ ਲੁਟੇਰਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਲੁਟੇਰਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜੋ ਜੋੜੇ ਦੇ ਸਾਹਮਣੇ ਬਾਬੇ ਦੀ ਬਹੁਤ ਤਾਰੀਫ਼ ਕਰਦੀ ਰਹੀ।



ਇਸ ਮਗਰੋਂ ਪਾਖੰਡੀ ਬਾਬਾ ਪਤੀ-ਪਤਨੀ ਨੂੰ ਝਾਂਸਾ ਦੇ ਕੇ ਘਰ 'ਚ ਆ ਵੜਿਆ ਤੇ ਝਾੜ-ਫੂਕ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜੋੜੇ ਨੂੰ ਚਿੱਟੇ ਰੰਗ ਦੀ ਪੋਟਲੀ ਦਿੱਤੀ ਗਈ ਤੇ ਸਾਰੇ ਗਹਿਣੇ ਉਸ ਵਿੱਚ ਪਾਉਣ ਲਈ ਕਿਹਾ ਗਿਆ। ਉਸ ਨੇ ਦਾਅਵਾ ਕੀਤਾ ਕਿ ਇੱਥੇ ਬੈਠ ਕੇ ਹੀ ਗਹਿਣਿਆਂ ਨੂੰ ਦੁੱਗਣਾ ਕਰ ਦੇਵੇਗਾ। ਪਰਿਵਾਰ ਨੇ ਝਾਂਸੇ ਵਿੱਚ ਆ ਕੇ ਆਪਣੇ ਤੇ ਆਪਣੀ ਨੂੰਹ ਦੇ ਸਾਰੇ ਗਹਿਣੇ ਬਾਬੇ ਵੱਲੋਂ ਦਿੱਤੇ ਚਿੱਟੇ ਝੋਲੇ ਵਿੱਚ ਪਾ ਦਿੱਤੇ।


ਇਸ ਤੋਂ ਬਾਅਦ ਬਾਬੇ ਨੇ ਝਾੜ-ਫੂਕ ਦੌਰਾਨ ਪੋਟਲੀ ਬਦਲ ਦਿੱਤੀ। ਇਸ ਤੋਂ ਤੁਰੰਤ ਬਾਅਦ ਲੁਟੇਰਾ ਬਾਬਾ ਘਰੋਂ ਬਾਹਰ ਨਿਕਲ ਗਿਆ। ਘਰ ਤੋਂ ਬਾਹਰ ਨਿਕਲਦੇ ਹੀ ਉਸ ਨੇ ਪਹਿਲਾਂ ਆਪਣਾ ਭੇਸ ਬਦਲਿਆ ਤੇ ਫਿਰ ਆਪਣੇ ਇੱਕ ਸਾਥੀ ਨਾਲ ਬਾਈਕ 'ਤੇ ਚੜ੍ਹ ਕੇ ਭੱਜ ਗਿਆ। ਇਸ ਦੌਰਾਨ ਬਾਬਾ ਜਿਸ ਜੋੜੇ ਨੂੰ ਆਪਣੇ ਨਾਲ ਤਾਰੀਫਾਂ ਕਰਨ ਲਈ ਲਿਆਇਆ ਸੀ, ਉਹ ਵੀ ਮੋਟਰ ਸਾਈਕਲ 'ਤੇ ਭੱਜ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਪੋਟਲੀ ਖੋਲ੍ਹੀ ਤਾਂ ਉਸ ਵਿੱਚ ਸਿਰਫ਼ ਫੁੱਲ, ਪੱਤੇ ਤੇ ਘਾਹ ਹੀ ਸੀ।