Jalandhar News: ਹੜ੍ਹਾਂ ਕਾਰਨ ਹੋਰ ਜਾਨੀ ਤੇ ਮਾਲੀ ਨੁਕਸਾਨ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਵਿਤ ਹੋ ਰਹੀ ਹੈ। ਇੱਕ ਪਾਸੇ ਹੜ੍ਹਾਂ ਦੀ ਹਾਲਤ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ 16 ਜੁਲਾਈ ਤੱਕ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਹੋਈਆਂ ਹਨ ਤਾਂ ਦੂਜੇ ਪਾਸੇ ਪੰਜਾਬ ਅੰਦਰ ਸੈਂਕੜੇ ਸਕੂਲਾਂ ਦੀਆਂ ਇਮਾਰਤਾਂ ਪਾਣੀ ਨਾਲ ਭਰ ਗਈਆਂ ਹਨ। ਇਸ ਲਈ ਇਨ੍ਹਾਂ ਸਕੂਲਾਂ ਅੰਦਰ ਅਗਲੇ ਕਾਫੀ ਸਮਾਂ ਤੱਕ ਪੜ੍ਹਾਈ ਪ੍ਰਭਾਵਿਤ ਹੋਣ ਦੇ ਆਸਾਰ ਹਨ।


ਹਾਸਲ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਵਿੱਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਜਿੱਥੇ ਫਸਲਾਂ ਤੇ ਹੋਰ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਇਸ ਖੇਤਰ ਦੇ ਕਰੀਬ 25 ਸਰਕਾਰੀ ਸਕੂਲ ਪਾਣੀ ਵਿੱਚ ਡੁੱਬ ਗਏ ਹਨ, ਜਿਨ੍ਹਾਂ ਵਿਚ ਕਰੀਬ ਅੱਠ ਫੁੱਟ ਪਾਣੀ ਖੜ੍ਹਾ ਹੈ। ਸਿੱਖਿਆ ਮਹਿਕਮੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ 16 ਜੁਲਾਈ ਤੱਕ ਵਧਾ ਦਿੱਤੀਆਂ ਹਨ ਪਰ ਸਕੂਲਾਂ ਵਿੱਚ ਕਲਾਸਾਂ ਲੱਗਣ ਨੂੰ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। 


ਦੱਸ ਦਈਏ ਕਿ ਇਸ ਖੇਤਰ ਵਿੱਚ ਸਾਲ 2019 ਵਿਚ ਵੀ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਅਧਿਆਪਕਾਂ ਨੂੰ ਡਰ ਹੈ ਕਿ ਸਕੂਲਾਂ ਦੇ ਪਖਾਨੇ ਧੱਸ ਸਕਦੇ ਹਨ, ਕੰਧਾਂ ਡਿੱਗ ਸਕਦੀਆਂ ਹਨ, ਕੁਰਸੀਆਂ, ਡੈਸਕ ਤੇ ਮਿੱਡ-ਡੇਅ ਮੀਲ ਦਾ ਸਾਮਾਨ ਖਰਾਬ ਹੋ ਸਕਦਾ ਹੈ। ਅਧਿਆਪਕਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਹੜ੍ਹਾਂ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋ ਸਕਦਾ ਹੈ। 



ਸਿੱਖਿਆ ਮਹਿਕਮੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਹੀ ਸਕੂਲ ਦਾ ਰਿਕਾਰਡ ਤੇ ਕੰਪਿਊਟਰ ਸੁਰੱਖਿਅਤ ਥਾਂ ’ਤੇ ਰੱਖ ਦਿੱਤਾ ਸੀ ਪਰ ਫਰਨੀਚਰ ਤੇ ਡੈਸਕ ਖਰਾਬ ਹੋ ਜਾਣਗੇ। ਸਕੂਲਾਂ ’ਚ ਕਲਾਸਾਂ ਸ਼ੁਰੂ ਹੋਣ ਨੂੰ ਕਾਫੀ ਸਮਾਂ ਲੱਗ ਜਾਵੇਗਾ, ਕਿਉਂਕਿ ਹਰ ਪਾਸੇ ਗਾਰ ਤੇ ਪਾਣੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਵਾਰ ਹੜ੍ਹਾਂ ’ਚ ਸਕੂਲ ਦੇ ਤਿੰਨ ਪਖਾਨੇ ਡਿੱਗ ਗਏ ਸਨ, ਜਿਨ੍ਹਾਂ ਨੂੰ ਉਨ੍ਹਾਂ ਕਾਫੀ ਮੁਸ਼ਕਲ ਨਾਲ ਦੁਬਾਰਾ ਬਣਾਇਆ ਸੀ। 


ਉਨ੍ਹਾਂ ਆਖਿਆ ਕਿ ਜਦੋਂ ਤੱਕ ਸਕੂਲ ਪੂਰੀ ਤਰ੍ਹਾਂ ਬੱਚਿਆਂ ਦੇ ਬੈਠਣ ਯੋਗ ਨਹੀਂ ਹੋ ਗਏ ਸਨ ਤਾਂ ਉਨ੍ਹਾਂ ਉਦੋਂ ਤੱਕ ਕਲਾਸਾਂ ਹੋਰ ਥਾਵਾਂ ’ਤੇ ਲਾਈਆਂ ਸਨ। ਉਨ੍ਹਾਂ ਕਿ ਸਕੂਲਾਂ ਵਿੱਚ ਬਦਬੂ ਮਾਰ ਰਹੀ ਹੈ, ਜੀਵ-ਜੰਤੂ ਤੇ ਸੱਪ ਘੁੰਮ ਰਹੇ ਹਨ, ਜਿਸ ਕਾਰਨ ਸਕੂਲਾਂ ਨੂੰ ਮੁੜ ਲੀਹ ’ਤੇ ਆਉਣ ਨੂੰ ਸਮਾਂ ਲੱਗ ਜਾਵੇਗਾ।