ਜਲੰਧਰ - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਜ਼ਿਲ੍ਹਾ ਜਲੰਧਰ ਵਿੱਚ ਕੁੱਲ 16,17339 ਵੋਟਰ ਹਨ ਜਿਸ ਵਿੱਚ 842596 ਪੁਰਸ਼ ਤੇ 774700 ਮਹਿਲਾ ਅਤੇ 43 ਤੀਜੇ ਲਿੰਗ ਵਾਲੇ ਵੋਟਰ ਸ਼ਾਮਿਲ ਹਨ। 


ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲੀ ਜਨਵਰੀ 2024 ਨੂੰ ਅਧਾਰ ਮੰਨਕੇ ਜ਼ਿਲ੍ਹਾ ਜਲੰਧਰ ਦੇ ਸਮੂਹ ਵਿਧਾਨ ਸਭਾ ਹਲਕਿਆਂ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉਤੱਰੀ, ਜਲੰਧਰ ਕੈਂਟ ਅਤੇ ਆਦਮਪੁਰ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਕੀਤੀ ਗਈ ਹੈ । 


ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਡਰਾਫ਼ਟ ਪ੍ਰਕਾਸ਼ਨਾ ਅਨੁਸਾਰ ਵਿਧਾਨ ਸਭਾ ਹਲਕਾ ਫਿਲੌਰ ਵਿੱਚ 198754 ਵੋਟਰ, ਨਕੋਦਰ ਵਿੱਚ 192277 ਵੋਟਰ, ਸ਼ਾਹਕੋਟ ਵਿੱਚ 180337 ਵੋਟਰ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ 180613 ਵੋਟਰ, ਜਲੰਧਰ ਪੱਛਮੀ ਵਿੱਚ 165178 ਵੋਟਰ, ਜਲੰਧਰ ਸੈਂਟਰਲ ਵਿੱਚ 169867 ਵੋਟਰ, ਜਲੰਧਰ ਉਤਰੀ ਵਿੱਚ 182020 ਵੋਟਰ, ਜਲੰਧਰ ਕੈਂਟ ਵਿੱਚ 184614 ਅਤੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ 163679 ਵੋਟਰ ਹਨ।  


ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫ਼ਟ ਵੋਟਰ ਸੂਚੀਆਂ ਅਤੇ ਸੀ.ਡੀ. ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਹ ਕਾਪੀਆਂ ਸਾਰੇ ਬੂਥ ਲੈਵਲ ਅਫ਼ਸਰਾਂ(ਬੀ.ਐਲ.ਓਜ਼) ਪਾਸ ਉਪਲਬੱਧ ਹਨ ਜਿਥੇ ਲੋਕ ਇਨ੍ਹਾਂ ਨੂੰ ਚੈਕ ਕਰਕੇ ਵੋਟਰ ਸੂਚੀ ਵਿੱਚ ਉਨਾਂ ਦੀ ਵੋਟ ਸਬੰਧੀ ਵੇਰਵੇ ਦਰੁਸਤ ਹਨ ਯਕੀਨੀ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ 09 ਦਸੰਬਰ 2023 ਤੱਕ ਲਏ ਜਾਣਗੇ ਜਿਨ੍ਹਾਂ ਦਾ 26 ਦਸੰਬਰ 2023 ਨੂੰ ਨਿਪਟਾਰਾ ਕੀਤਾ ਜਾਵੇਗਾ। 


ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਯੋਗ ਪੁਰਸ਼ ਜਾਂ ਮਹਿਲਾ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਤਾਂ ਉਹ ਸਬੰਧਿਤ ਬੀ.ਐਲ.ਓਜ਼ ਨਾਲ ਸੰਪਰਕ ਕਰਨ ਤੋਂ ਇਲਾਵਾ 4 ਤੇ 5 ਨਵੰਬਰ ਅਤੇ 2 ਤੇ 3 ਦਸੰਬਰ ਨੂੰ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਜਾ ਕੇ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 05 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। 


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨੈਸ਼ਨਲ ਵੋਟਰ ਸਰਵਿਸਸ ਪੋਰਟਲ ਅਤੇ ਵੋਟਰ ਹੈਲਪਲਾਈਨ ਐਪ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਐਨਰਾਇਡ ਫੋਨ ਰਾਹੀਂ ਗੂਗਲ ਪਲੇਅ ਸਟੋਰ ’ਤੇ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਵੀ ਵੋਟਰ ਵਜੋਂ ਰਜਿਸਟਰਡ ਹੋ ਸਕਦੇ ਹਨ।  


ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 13,18,744 ਵੋਟਰਾਂ ਵਲੋਂ ਪਹਿਲਾਂ ਹੀ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਰਹਿੰਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਇਆ ਜਾਵੇ ਤਾਂ ਜੋ ਇਸ ਨੂੰ 100 ਫੀਸਦੀ ਕਵਰ ਕੀਤਾ ਜਾ ਸਕੇ। 


ਕੈਪਸ਼ਨ - ਜਲੰਧਰ ਵਿਖੇ ਵੋਟਰ ਸੂਚੀਆਂ ਦੀ ਡ੍ਰਾਫ਼ਟ ਪ੍ਰਕਾਸ਼ਨਾ ਦੇ ਸੈਟ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇ਼ਸ਼ ਸਾਰੰਗਲ ਤੇ ਹੋਰ ।