AAP ਦੀ ਮਹਿਲਾ ਆਗੂ ਨੂੰ ਮੰਤਰੀ ਦੇ ਜਾਅਲੀ 'ਪੀਏ' ਦਾ ਆਫਰ ,ਚੇਅਰਮੈਨ ਬਣਾ ਦਿਆਂਗੇ , ਟਿਕਟ ਵੀ ਦਿਵਾ ਦੇਵਾਂਗੇ , ਬਸ ਸਾਡੇ ਨਾਲ ਗੱਲ ਕਰਦੀ ਰਹੀ 

 

Jalandhar News : ਖ਼ੁਦ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਪੀਏ ਦੱਸ ਕੇ ਇੱਕ ਵਿਅਕਤੀ ਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਨੂੰ ਚੇਅਰਮੈਨੀ ਅਤੇ ਟਿਕਟ ਦੇਣ ਦਾ ਆਫਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਕਿ ਬਸ ਉਸ ਨਾਲ ਗੱਲ ਕਰਦੇ ਰਹੋ। ਜਿਸ ਤੋਂ ਬਾਅਦ 'ਆਪ' ਦੀ ਮਹਿਲਾ ਆਗੂ ਨੇ ਇਸ ਸਬੰਧੀ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਾਰਵਾਈ ਹੈ। ਹਾਲਾਂਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕਿਸ ਨੇ ਵਿਅਕਤੀ ਨੇ ਮਹਿਲਾ ਆਗੂ ਨੂੰ ਫੋਨ ਕੀਤਾ ਸੀ ,ਇਸ ਬਾਰੇ ਮਹਿਲਾ ਆਗੂ ਨੂੰ ਪਤਾ ਲੱਗ ਗਿਆ ਹੈ। 

 


 


ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੇ ਉਕਤ ਵਿਅਕਤੀ ਦਾ ਨਾਂ ਜਨਤਕ ਕਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਪਾ ਕੇ ਲੋਕਾਂ ਤੋਂ ਸਲਾਹ ਮੰਗੀ ਹੈ ਕਿ ਹੁਣ ਉਸਨੂੰ ਅੱਗੇ ਕੀ ਕਰਨਾ ਚਾਹੀਦਾ। ਉਨ੍ਹਾਂ ਲਿਖਿਆ ,ਜਦੋਂ ਕੋਈ ਮੰਤਰੀ ਦਾ PA ਬਣ ਕੇ ਇਕ ਮਹਿਲਾ ਨੂੰ ਫੋਨ ਕਰਕੇ Ticket ਤੇ ਚੇਅਰਮੈਨੀ ਦਾ ਲਾਲਚ ਦਵੇ ਤੇ ਮਹਿਲਾਂ ਨੇ ਬਿਨਾ ਕਿਸੇ ਲਾਲਚ ਵਿਚ ਆ ਕੇ complaint ਕਰ ਦਿੱਤੀ ਤੇ inquiry ਚ ਪਤਾ ਵੀ ਲੱਗ ਗਿਆ,ਸਲਾਹ ਦਵੋ ਸਾਰੇ ਕਿ ਹੁਣ ਕਿ ਕਰਨਾ ਚਾਹੀਦਾ....? ਹਾਲਾਂਕਿ ਉਨ੍ਹਾਂ ਦੀ ਪੋਸਟ 'ਤੇ ਜ਼ਿਆਦਾਤਰ ਕੁਮੈਂਟ ਇਹ ਆ ਰਹੇ ਹਨ ਕਿ ਅਜਿਹੇ ਵਿਅਕਤੀ ਨੂੰ ਬੇਨਕਾਬ ਕਰਨਾ ਚਾਹੀਦਾ ਹੈ।

 






ਦੱਸ ਦੇਈਏ ਕਿ ਉਕਤ ਮਹਿਲਾ ਆਗੂ ਨੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਨੂੰ ਸ਼ਿਕਾਇਤ ਦੇ ਕੇ ਧਮਕੀਆਂ ਦੇਣ ਅਤੇ ਮੰਤਰੀ ਦਾ ਪੀਏ ਬਣ ਕੇ ਝਾਂਸੇ ਵਿੱਚ ਫਸਾਉਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ਿਕਾਇਤ ਵਿੱਚ ਲਿਖਿਆ- ਮੇਰੇ ਘਰ ਵਿੱਚ ਮੇਰੇ ਦੋ ਬੱਚੇ ਅਤੇ ਇੱਕ ਬਜ਼ੁਰਗ ਮਾਂ ਰਹਿੰਦੀ ਹੈ। ਮੈਂ ਪਿਛਲੇ 18 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹਾਂ। ਇਸ ਤੋਂ ਪਹਿਲਾਂ ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ। ਹੁਣ ਮੈਨੂੰ ਧਮਕੀਆਂ ਮਿਲ ਰਹੀਆਂ ਹਨ। 





 

ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਨਾ ਹੀ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹਨਾਂ ਨੰਬਰਾਂ ਦੀ ਡਿਟੇਲ ਅਤੇ ਅਡਰੈਸ ਕਢਵਾਏ ਜਾਣ। ਇਨ੍ਹਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੇਤ ਇਸ ਸਾਜ਼ਿਸ਼ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਮੈਨੂੰ ਪ੍ਰਸ਼ਾਸਨ 'ਤੇ ਪੂਰਾ ਭਰੋਸਾ ਹੈ ਕਿ ਮੇਰੀ ਮਦਦ ਕਰੇਗਾ। ਹਾਲਾਂਕਿ ਜਦੋਂ ਇਸ ਸਬੰਧੀ ਮੰਤਰੀ ਲਾਲਜੀਤ ਭੁੱਲਰ ਦੇ ਪੀਏ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ ਅਤੇ ਗੱਲ ਕਰਨ ਤੋਂ ਇੰਨਕਾਰ ਕਰ ਦਿੱਤਾ।