Jalandhar News : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਜਲੰਧਰ (ਦਿਹਾਤੀ) ਪੁਲਿਸ ਨੇ ਵੀਰਵਾਰ ਨੂੰ ਨਸ਼ਾ ਤਸਕਰ , ਜਿਸਦੀ ਪਛਾਣ ਜੋਗਾ ਸਿੰਘ ਵਾਸੀ ਪਿੰਡ ਰਾਜਾਪੁਰ, ਲੁਧਿਆਣਾ ਵਜੋਂ ਹੋਈ ਹੈ , ਨੂੰ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਦਰਜ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਜੋਗਾ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਹੈ, ਜੋ ਪਾਕਿਸਤਾਨ ਤੋਂ ਸਰਹੱਦੀ ਨੈਟਵਰਕ ਰਾਹੀਂ ਤਸਕਰ ਕੀਤੀ ਗਈ ਹੈਰੋਇਨ ਦੀ ਖੇਪ ਨੂੰ ਲੈਣ ਲਈ ਤੈਰ ਕੇ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਗਿਆ ਸੀ। ਉਹਨਾਂ ਦੱਸਿਆ ਕਿ ਦੋਸ਼ੀ ਐਨਡੀਪੀਐਸ ਐਕਟ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਸਦੇ ਦੋ ਸਾਥੀਆਂ ਨੂੰ 14 ਕਿਲੋ ਹੈਰੋਇਨ ਬਰਾਮਦਗੀ ਉਪਰੰਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸ਼ਿੰਦਰ ਸਿੰਘ ਨਾਂ ਦੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 10 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਮਾਡਿਊਲ ਨਾਲ ਜੁੜੀ ਇੱਕ ਮਹਿਲਾ ਨਸ਼ਾ ਤਸਕਰ ਅਮਨਦੀਪ ਕੌਰ ਉਰਫ ਦੀਪ ਭਾਈ ਨੂੰ ਵੀ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਦੋਸ਼ੀ ਜੋਗਾ ਸਿੰਘ ਕੋਲੋਂ 8 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਇਸ ਮਾਡਿਊਲ ਤੋਂ ਹੈਰੋਇਨ ਦੀ ਕੁੱਲ ਬਰਾਮਦਗੀ 22 ਕਿਲੋ ਤੱਕ ਜਾ ਪਹੁੰਚੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਸੂਹ ਮਿਲੀ ਸੀ ਕਿ ਸ਼ਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਫਿਰੋਜ਼ਪੁਰ ਸੈਕਟਰ ਵਿੱਚ ਦਰਿਆਈ ਰਸਤੇ ਰਾਹੀਂ ਪਾਕਿ-ਅਧਾਰਤ ਸਮੱਗਲਰਾਂ ਅਤੇ ਏਜੰਸੀਆਂ ਦੁਆਰਾ ਭਾਰਤੀ ਖੇਤਰ ਵਿੱਚ ਭੇਜੀ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਹੈਰੋਇਨ ਦੀ ਇਸ ਖੇਪ ਦੀ ਬਰਾਮਦਗੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਜਾਂਚ ਦੇ ਨਤੀਜੇ ਵਜੋਂ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਕੋਲ ਦੋਸ਼ੀ ਜੋਗਾ ਸਿੰਘ , ਜਿਸ ਕੋਲ ਹੈਰੋਇਨ ਦੀ ਖੇਪ ਸੀ ਅਤੇ ਉਹ ਕਿਸੇ ਵਿਅਕਤੀ ਨੂੰ ਉਸਦੀ ਡਿਲਵਰੀ ਦੇਣ ਜਾ ਰਿਹਾ ਸੀ ,ਸਬੰਧੀ ਪੁਖ਼ਤਾ ਇਤਲਾਹ ਸੀ। ਇਸੇ ਇਤਲਾਹ ਦੇ ਆਧਾਰ ’ਤੇ ਗੁਰਾਇਆ ਪੁਲਿਸ ਸਟੇਸ਼ਨ ਦੀ ਪੁਲਿਸ ਟੀਮ ਨੇ ਪਿੰਡ ਧੁਲੇਤਾ ਨੇੜੇ ਵਿਸ਼ੇਸ਼ ਨਾਕਾ ਲਗਾਇਆ ਅਤੇ ਦੋਸ਼ੀ ਜੋਗਾ ਸਿੰਘ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਖੇਪ ਦੀ ਡਿਲੀਵਰੀ ਦੇਣ ਜਾ ਰਿਹਾ ਸੀ ਅਤੇ ਉਸ ਕੋਲੋਂ ਬੈਗ ਵਿਚ ਛੁਪਾ ਕੇ ਰੱਖੀ 8 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ।
ਐਸ.ਐਸ.ਪੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸ਼ਾਮਲ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਤਾਜ਼ਾ ਮਾਮਲਾ ਐਫਆਈਆਰ ਨੰ. 107 ਮਿਤੀ 17/08/2023 ਨੂੰ ਥਾਣਾ ਗੁਰਾਇਆ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਅਤੇ 25 ਤਹਿਤ ਦਰਜ ਕੀਤਾ ਗਿਆ ਹੈ।