Corruption in Police: ਕਿਸ ਤੋਂ ਰੱਖੀਏ ਇਨਸਾਫ਼ ਦੀ ਉਮੀਦ ? ਰਿਸ਼ਵਤ ਦੇ ਮਾਮਲੇ ਚ SHO ਗ੍ਰਿਫ਼ਤਾਰ, ਔਰਤਾਂ ਨੂੰ ਛੱਡਣ ਬਦਲੇ ਲਏ ਢਾਈ ਲੱਖ
Jalandhar news: ਰਾਜੇਸ਼ ਅਰੋੜਾ ਵੱਲੋਂ ਸਪਾ ਸੈਂਟਰ ਮਾਲਕ ਤੋਂ ਕਰੀਬ 2.50 ਲੱਖ ਦੀ ਰਿਸ਼ਵਤ ਲਈ ਗਈ ਸੀ। ਇਸ ਮਾਮਲੇ ਵਿੱਚ ਅਰੋੜਾ ਨੂੰ ਤੜਕਸਾਰ ਉਸ ਦੇ ਹੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Corruption in Police: ਜਲੰਧਰ ਦੇ ਥਾਣਾ ਰਾਮਾਮੰਡੀ ਦੇ ਐਸਐਚਓ ਰਾਜੇਸ਼ ਕੁਮਾਰ ਅਰੋੜਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰ ਕਰ ਦਈਏ ਕਿ ਅਰੋੜਾ ਦੇ ਖ਼ਿਲਾਫ਼ ਉਸ ਦੇ ਹੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉੱਥੇ ਹੀ ਐਸਐਚਓ ਦੇ ਦੋ ਸਾਥੀਆਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੰਦੀਪ ਤੇ ਅਨਵਰ ਵਜੋਂ ਹੋਈ ਹੈ।
ਤੜਕਸਾਰ ਹੀ ਉਸ ਦੇ ਸਾਥੀਆਂ ਨੇ ਘਰੋਂ ਕੀਤਾ ਗ੍ਰਿਫ਼ਤਾਰ
ਦੱਸ ਦਈਏ ਕਿ ਰਾਜੇਸ਼ ਅਰੋੜਾ ਵੱਲੋਂ ਸਪਾ ਸੈਂਟਰ ਮਾਲਕ ਤੋਂ ਕਰੀਬ 2.50 ਲੱਖ ਦੀ ਰਿਸ਼ਵਤ ਲਈ ਗਈ ਸੀ। ਇਸ ਮਾਮਲੇ ਵਿੱਚ ਅਰੋੜਾ ਨੂੰ ਤੜਕਸਾਰ ਉਸ ਦੇ ਹੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਨੂੰ ਨਵੀਂ ਬਾਰਾਦਰੀ ਥਾਣੇ ਵਿੱਚ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਅਰੋੜਾ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਅਰੋੜਾ ਦੀ ਇਸ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਥਾਣੇ ਵਿੱਚ ਭਾਜੜ ਵਾਲਾ ਮਾਹੌਲ ਹੈ।
ਕੀ ਹੈ ਪੂਰਾ ਮਾਮਲਾ
ਪੁਲਿਸ ਨੂੰ ਦਿੱਤੇ ਗਏ ਬਿਆਨਾਂ ਮੁਤਾਬਕ, ਸਪਾ ਚਲਾਉਣ ਵਾਲੇ ਰਾਜੇਸ਼ ਕੁਮਾਰ ਉਰਫ਼ ਸਾਬੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਅਨਵਰ ਤੇ ਸੰਦੀਪ ਨੇ ਆਪਣੀ ਟੀਮ ਨਾਲ ਉਸ ਦੇ ਸਪਾ ਸੈਂਟਰ ਵਿੱਚ ਰੇਡ ਮਾਰੀ ਸੀ। ਇਸ ਮੌਕੇ ਸਪਾ ਸੈਂਟਰ ਵਿੱਚ ਉਸ ਦੀ ਪਤਨੀ ਤੇ ਉੱਥੇ ਕੰਮ ਕਰਨ ਵਾਲੀਆਂ 4 ਲੜਕੀਆਂ ਵੀ ਮੌਜੂਦ ਸਨ ਜਿਨ੍ਹਾਂ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਬਦਤਮੀਜ਼ੀ ਕੀਤੀ ਗਈ ਤੇ ਲੱਗਿਆ ਸੀਸੀਟੀਵੀ ਬੰਦ ਕਰਵਾਇਆ ਗਿਆ।
ਸਾਬੀ ਨੇ ਦੱਸਿਆ ਕਿ ਬਿਨਾਂ ਕਿਸੇ ਮਹਿਲਾ ਪੁਲਿਸ ਮੁਲਾਜ਼ਮ ਦੇ ਸਾਰੀਆਂ ਔਰਤਾਂ ਨੂੰ ਪੁਲਿਸ ਥਾਣੇ ਲਜਾਇਆ ਗਿਆ ਤੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ। ਇਸ ਤੋਂ ਬਾਅਦ ਜਦੋਂ ਉਹ ਥਾਣੇ ਗਿਆ ਤਾਂ ਉਨ੍ਹਾਂ ਨੂੰ ਛੱਡਣ ਦੇ ਬਦਲੇ ਉਸ ਤੋਂ ਢਾਈ ਲੱਖ ਦੀ ਰਿਸ਼ਵਤ ਮੰਗੀ ਗਈ ਜਿਸ ਤੋਂ ਬਾਅਦ ਕਿਸੇ ਤਰ੍ਹਾ ਪੈਸੇ ਇਕੱਠੇ ਕਰਕੇ ਪੁਲਿਸ ਵਾਲਿਆਂ ਨੂੰ ਦਿੱਤੇ ਗਏ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਇਹ ਪੈਸੇ ਰਾਜੇਸ਼ ਅਰੋੜਾ ਨੂੰ ਦੇਣੇ ਹਨ। ਸਾਬੀ ਨੇ ਕਿਹਾ ਕਿ ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ।