Jalandhar News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨਜੀਤ ਕੌਰ ਅੱਜ ਜ਼ਿਲ੍ਹਾ ਜਲੰਧਰ ਦੇ ਫਿਲੌਰ ਪਹੁੰਚੇ ਹਨ, ਜਿਥੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 29 ਮਈ 2022 ਤੱਕ ਮੇਰਾ ਪਰਿਵਾਰ ਵੀ ਖੁਸ਼ਹਾਲ ਸੀ, ਮੈਂ ਵੀ ਰਾਜੇ ਵਰਗੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸਾਡਾ ਤਿੰਨ ਜਾਣਿਆ ਦਾ ਪਰਿਵਾਰ ਸੀ, ਜੋ ਬਹੁਤ ਖੁਸ਼ਹਾਲ ਰਹਿ ਰਿਹਾ ਸੀ ਪਰ ਇੱਕ ਦਿਨ ਮੇਰੇ ਪੁੱਤ ਨੂੰ ਬੁਰੀ ਤਰ੍ਹਾਂ ਮਾਰ ਦਿੱਤਾ ਗਿਆ। ਹਥਿਆਰੇ ਵੱਡੇ-ਵੱਡੇ ਹਥਿਆਰ ਲੈ ਕੇ 15 ਦਿਨਾਂ ਤੱਕ ਸਾਡੇ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ। ਸੂਬਾ ਸਰਕਾਰ ਵੀ ਇਸ ਗੱਲ ਤੋਂ ਜਾਣੂ ਸੀ ਕਿਉਂਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਇਨਪੁਟ ਦਿੱਤੇ ਸਨ।


 ਇਹ ਵੀ ਪੜ੍ਹੋ : ਹੇਮਕੁੰਟ ਸਾਹਿਬ ਦੀ ਯਾਤਰਾ ਲਈ 17 ਮਈ ਨੂੰ ਜਾਏਗਾ ਪਹਿਲਾ ਜਥਾ, 20 ਮਈ ਨੂੰ ਖੁੱਲ੍ਹਗੇ ਕਿਵਾੜ



ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਦਰ-ਦਰ ਭਟਕਦੇ ਨੂੰ 11 ਮਹੀਨੇ ਹੋ ਗਏ ਹਨ ਤੇ ਅੱਜ ਮੈਂ ਤੁਹਾਡੇ ਕੋਲ ਇਸ ਲਈ ਆਇਆ ਹਾਂ ਕਿਉਂਕਿ ਇਹ ਐਨਆਰਆਈ ਇਲਾਕਾ ਹੈ। ਚਾਹੁੰਦਾ ਤਾਂ ਮੇਰਾ ਪੁੱਤਰ ਵੀ ਵਿਦੇਸ਼ ਵਿੱਚ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦਾ ਸੀ ਪਰ ਮੇਰੇ ਪੁੱਤਰ ਨੇ ਭਾਰਤ ਵਿੱਚ ਰਹਿਣਾ ਸੀ ਤੇ ਆਪਣੇ ਪਿੰਡ ਦਾ ਸੁਧਾਰ ਕਰਨਾ ਸੀ। ਮੈਂ ਹੱਥ ਜੋੜ ਕੇ ਅਪੀਲ ਕਰ ਸਕਦਾ ਹਾਂ ਕਿ ਇਸ ਬੇਕਾਰ ਸਰਕਾਰ ਨੇ ਮੇਰੇ ਪੁੱਤਰ ਦੀ ਮੌਤ 'ਤੇ ਵੀ ਰਾਜਨੀਤੀ ਕੀਤੀ ਹੈ। ਮੈਂ ਆਪਣੇ ਬੇਟੇ ਲਈ ਵਿਧਾਨ ਸਭਾ, ਅਮਿਤ ਸ਼ਾਹ, ਰਾਹੁਲ ਗਾਂਧੀ ਤੇ ਹੋਰ ਕਈ ਥਾਵਾਂ 'ਤੇ ਗਿਆ।


 ਇਹ ਵੀ ਪੜ੍ਹੋ : ਪਹਿਲਵਾਨਾਂ ਨੂੰ ਮਿਲਿਆ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਦਾ ਸਮਰਥਨ, 7 ਮਈ ਨੂੰ ਹਜ਼ਾਰਾਂ ਔਰਤਾਂ ਪੁੱਜਣਗੀਆਂ ਜੰਤਰ-ਮੰਤਰ

ਉਨ੍ਹਾਂ ਕਿਹਾ ਕਿ ਮੇਰਾ ਮਜ਼ਾਕ ਬਣਾਇਆ ਜਾ ਰਿਹਾ ਹੈ, ਕੱਲ੍ਹ ਮੈਂ ਇੱਕ ਛੋਟੀ ਜਿਹੀ ਵੀਡੀਓ ਪਾਈ ਸੀ ਕਿ ਜਲੰਧਰ ਵਾਸੀਓ ਕੱਲ੍ਹ ਮੈਂ ਤੁਹਾਡੇ ਦਰਸ਼ਨਾਂ ਲਈ ਆ ਰਿਹਾ ਹਾਂ ਤੇ ਉਸ ਦੇ ਉੱਪਰ ਚੀਮਾ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਉਹ ਰਾਜਨੀਤੀ ਕਰ ਰਹੇ ਹਨ। ਮੈਂ ਕੋਈ ਉਮੀਦਵਾਰ ਹਾਂ, ਜੋ ਆਪਣੇ ਲਈ ਪ੍ਰਚਾਰ ਕਰ ਰਿਹਾ ਹਾਂ, ਨਾ ਹੀ ਮੈਂ ਕਿਸੇ ਉਮੀਦਵਾਰ ਦਾ ਨਾਮ ਲੈ ਰਿਹਾ ਹਾਂ, ਵੀ ਉਸ ਨੂੰ ਵੋਟ ਪਾ ਦਿਓ।

ਉਨ੍ਹਾਂ ਕਿਹਾ ਕਿ ਰਾਜਨੀਤੀ ਤਾਂ ਹੋ ਸਕਦੀ ਹੈ ਜੇਕਰ ਮੈਂ ਕਿਸੇ ਵਿਸ਼ੇਸ਼ ਪਾਰਟੀ ਦਾ ਪ੍ਰਚਾਰ ਕਰਦਾ ਹਾਂ। ਮੇਰੀ ਬੇਨਤੀ ਹੈ ਕਿ ਕੋਈ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੂੰਹ ਨਾ ਲਾਵੇ, ਇਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਜੇ ਸਹੀ ਲੱਗੇ ਤਾਂ ਮੰਨ ਲੈਣਾ, ਨਹੀਂ ਤਾਂ ਤੁਹਾਡਾ ਹੁਕਮ ਸਿਰ ਮੱਥੇ ਹੈ।