Jalandhar News:  ਕਪੂਰਥਲਾ ਦੇ ਪਿੰਡ ਮੋਠਾਂਵਾਲ ਇਲਾਕੇ ਵਿੱਚ ਇੱਕ ਮੋਟਰ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਦੇ ਨੇੜਿਓਂ ਇੱਕ ਸਿਰਿੰਜ ਵੀ ਮਿਲੀ ਹੈ। ਸੂਤਰਾਂ ਦੀ ਮੰਨੀਏ ਤਾਂ ਨੌਜਵਾਨ ਆਪਣੇ ਸਾਥੀਆਂ ਨਾਲ ਨਸ਼ਾ ਕਰਨ ਗਿਆ ਸੀ। ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਧਰ, ਮ੍ਰਿਤਕ ਦੇ ਪਰਿਵਾਰ ਨੇ ਨਸ਼ੇ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ।


ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੀ 21 ਜੁਲਾਈ ਨੂੰ ਸ਼ਾਮ ਕਰੀਬ 7.30 ਵਜੇ ਪਿੰਡ ਕਢਲ ਕਲਾਂ ਦੇ ਵਾਸੀ ਸਰਵਣ ਸਿੰਘ ਨੇ ਉਸ ਦੇ ਲੜਕੇ ਜਗਜੀਤ ਸਿੰਘ ਨੂੰ ਘਰੋਂ ਬੁਲਾਇਆ। ਜਦੋਂ ਦੇਰ ਰਾਤ ਤੱਕ ਉਸ ਦਾ ਲੜਕਾ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਆਸ-ਪਾਸ ਉਸ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ।


ਮੋਟਰ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਨੌਜਵਾਨ


ਅਗਲੀ ਸਵੇਰ ਪਿੰਡ ਮੋਠਾਂਵਾਲ ਵੱਲ ਨੂੰ ਜਾਂਦੇ ਸਮੇਂ ਇੰਦਰਜੀਤ ਸਿੰਘ ਉਰਫ਼ ਭਿੰਦਾ ਅਤੇ ਉਸ ਦੇ ਭਰਾ ਨਿਰਮਲਜੀਤ ਸਿੰਘ ਆਪਣੀ ਮੋਟਰ ਵਾਲੀ ਸਾਈਡ ਤੋਂ ਪੈਦਲ ਆ ਰਹੇ ਸਨ। ਜੋ ਬਹੁਤ ਘਬਰਾਏ ਹੋਏ ਸੀ। ਉਹ ਦੋਵੇਂ ਭਰਾ ਅੱਖਾਂ ਬਚਾ ਕੇ ਚਲੇ ਗਏ। ਜਦੋਂ ਉਨ੍ਹਾਂ ਨੇ ਮੋਟਰ ’ਤੇ ਜਾ ਕੇ ਦੇਖਿਆ ਤਾਂ ਉਸ ਦੇ ਲੜਕੇ ਦਾ ਸਾਈਕਲ ਇੰਦਰਜੀਤ ਦੀ ਮੋਟਰ ’ਤੇ ਪਿਆ ਸੀ। ਜਗਜੀਤ ਵੀ ਉਥੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ।ਜਗਜੀਤ ਕੋਲ ਇੱਕ ਸਰਿੰਜ ਪਈ ਸੀ। ਜਗਜੀਤ ਨੂੰ ਤੁਰੰਤ ਇਲਾਜ ਲਈ ਕਪੂਰਥਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ


ਓਧਰ ਇਸ ਮਾਮਲੇ ਬਾਰੇ ਥਾਣਾ ਇੰਚਾਰਜ ਸਬ-ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ ਪੁਲਿਸ ਵਾਲਿਆਂ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ।