Jalandhar News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਲੰਧਰ ਦਾ ਬਣਿਆ ਖੇਡਾਂ ਦਾ ਸਾਮਾਨ ਪੂਰੀ ਦੁਨੀਆ 'ਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਪਰ ਦੁੱਖ ਇਸ ਗੱਲ ਦਾ ਹੈ ਕਿ ਸਾਡੇ ਆਪਣਿਆਂ ਨੇ ਹੀ ਇਸ ਟੈਲੇਂਟ ਨੂੰ ਅਣਗੌਲਿਆ ਕਰ ਦਿੱਤਾ ਤੇ ਲੋਕਾਂ ਨੇ ਵੀ ਇਸ ਵਾਰ ਉਨ੍ਹਾਂ ਨੂੰ ਘਰਾਂ 'ਚ ਬਿਠਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਕਾਰੋਬਾਰੀਆਂ ਨਾਲ ਮੀਟਿੰਗ ਲਈ ਜਲੰਧਰ ਪੁੱਜੇ ਸੀ।
ਸੀਐਮ ਮਾਨ ਨੇ ਜਲੰਧਰ ਵਿਖੇ ਪੰਜਾਬ ਨਿਵੇਸ਼ ਸੰਮੇਲਨ ਨੂੰ ਲੈ ਕੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੰਜਾਬ ‘ਚ ਨਿਵੇਸ਼ ਦੇ ਨਵੇਂ ਵਸੀਲਿਆਂ ਨੂੰ ਲੈ ਕੇ ਚਰਚਾ ਕੀਤੀ। ਸੀਐਮ ਮਾਨ ਨੇ ਕਿਹਾ ਕਿ ਪੂਰੀ ਮੁਲਾਕਾਤ ਬੇਹੱਦ ਸਾਰਥਕ ਰਹੀ। ਉਨ੍ਹਾਂ ਨੇ ਇਸ ਸਾਲ ਹੋਣ ਵਾਲੇ ਪੰਜਾਬ ਨਿਵੇਸ਼ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਕਾਰੋਬਾਰੀਆਂ ਨੂੰ ਸੱਦਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਪਾਲਸੀ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਉਦਯੋਗਪਤੀਆਂ ਲਈ ਅਜਿਹਾ ਮਾਹੌਲ ਸਿਰਜਿਆ ਜਾਵੇਗਾ, ਜੋ ਉਨ੍ਹਾਂ ਨੂੰ ਕਿਧਰੇ ਨਹੀਂ ਮਿਲੇਗਾ।
ਭਗਵੰਤ ਮਾਨ ਨੇ ਸੂਬੇ ਵਿੱਚ ਨਵੀਂ ਉਦਯੋਗਿਕ ਨੀਤੀ ਲਾਗੂ ਕਰਨ ਬਾਰੇ ਦੱਸਿਆ ਕਿ ਇਹ ਨੀਤੀ ਸਾਰੇ ਭਾਈਵਾਲਾਂ ਖਾਸ ਕਰਕੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਨਵੀਂ ਨੀਤੀ ਤਹਿਤ ਸੂਬਾ ਸਰਕਾਰ ਛੇਤੀ ਹੀ ਸਟੈਂਪ ਪੇਪਰਾਂ ਲਈ ਕਲਰ ਕੋਡਿੰਗ (ਵਿਸ਼ੇਸ਼ ਰੰਗਾਂ ਵਾਲੇ ਸਟੈਂਪ ਪੇਪਰ) ਲਾਗੂ ਕਰੇਗੀ ਤਾਂ ਕਿ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਨਵੇਂ ਪ੍ਰਾਜੈਕਟਾਂ ਲਈ ਛੇਤੀ ਮਨਜ਼ੂਰੀ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਅਰਥਚਾਰੇ ਵਿਚ ਬਿਜਲੀ ਮੁੱਖ ਭੂਮਿਕਾ ਅਦਾ ਕਰਦੀ ਹੈ ਤੇ ਸੂਬੇ ਨੇ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਵਾਧੂ ਬਿਜਲੀ ਉਤਪਾਦਨ ਵਧਾਉਣ ਵੱਲ ਪੁਲਾਂਘ ਪੁੱਟੀ ਹੈ।