Vigilance: ਬਲੈਕ ਮਨੀ ਨੂੰ ਸਫੈਦ ਕਰਨ ਵਾਲਾ ਵਿਜੀਲੈਂਸ ਦੇ ਅੜਿੱਕੇ, ਆਬਕਾਰੀ ਅਧਿਕਾਰੀ ਵਿਰਦੀ ਨਾਲ ਕਰਦਾ ਸੀ ਅਜਿਹਾ ਕੰਮ
Vigilance Bureau Punjab: ਵਿਜੀਲੈਂਸ ਜਾਂਚ ਦੀ ਪੜਤਾਲ ਤੋਂ ਪਾਇਆ ਗਿਆ ਕਿ ਬਲਵੀਰ ਕੁਮਾਰ ਵਿਰਦੀ ਨੂੰ ਚੈਕ ਪੀਰੀਅਡ 01.04.2007 ਤੋਂ 11.09.2020 ਤੱਕ ਜਾਣੂੰ ਸਰੋਤਾਂ ਤੋਂ ਕੁੱਲ 2,08,84,863.37 ਰੁਪਏ ਦੀ ਆਮਦਨ ਹੋਣੀ ਪਾਈ ਗਈ
Vigilance Bureau Punjab: ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਬਲਵੀਰ ਕੁਮਾਰ ਵਿਰਦੀ, ਸੰਯੁਕਤ ਡਾਇਰੈਕਟਰ, ਐਕਸਾਈਜ਼ ਵਿਭਾਗ ਜਲੰਧਰ (ਜੀ.ਐਸ.ਟੀ.) ਵਾਸੀ ਲੰਮਾ ਪਿੰਡ ਜਲੰਧਰ ਖਿਲਾਫ ਸਰਕਾਰੀ ਅਧਿਕਾਰੀ ਹੁੰਦੇ ਹੋਏ ਭ੍ਰਿਸ਼ਟਾਚਾਰ ਰਾਹੀਂ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਸਹਿਦੋਸ਼ੀ ਭਗਵੰਤ ਭੂਸ਼ਣ ਉਰਫ ਬਾਵਾ ਵਾਸੀ ਮਕਾਨ ਕ੍ਰਿਸ਼ਨ ਨਗਰ, ਰੇਲਵੇ ਰੋਡ ਜਲੰਧਰ ਨੂੰ ਬਿਓਰੋ ਵੱਲੋਂ ਅੱਜ ਬੁੱਧਵਾਰ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਬਲਵੀਰ ਕੁਮਾਰ ਵਿਰਦੀ ਨੂੰ ਚੈਕ ਪੀਰੀਅਡ 01.04.2007 ਤੋਂ 11.09.2020 ਤੱਕ ਜਾਣੂੰ ਸਰੋਤਾਂ ਤੋਂ ਕੁੱਲ 2,08,84,863.37 ਰੁਪਏ ਦੀ ਆਮਦਨ ਹੋਣੀ ਪਾਈ ਗਈ ਅਤੇ ਇਸੇ ਅਰਸੇ ਦੌਰਾਨ ਉਸ ਵੱਲੋਂ 5,12,51,688.37 ਰੁਪਏ ਦਾ ਖਰਚਾ ਕੀਤਾ ਗਿਆ ਹੈ। ਇਸ ਤਰਾਂ ਉਕਤ ਮੁਲਜ਼ਮ ਵਲੋਂ ਚੈਕ ਪੀਰੀਅਡ ਦੌਰਾਨ ਕੁੱਲ 3,03,66,825 ਰੁਪਏ ਵੱਧ ਖਰਚਾ ਕੀਤਾ ਗਿਆ ਹੈ ਜੋ ਕਿ ਉਸ ਦੀ ਆਮਦਨ ਤੋਂ ਕਰੀਬ 145.40 ਫੀਸਦ ਵੱਧ ਬਣਦਾ ਹੈ।
ਇਸ ਤਰ੍ਹਾਂ ਉਕਤ ਅਧਿਕਾਰੀ ਖਿਲਾਫ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪਣੀ ਆਮਦਨ ਦੇ ਜਾਣੂੰ ਵਸੀਲਿਆਂ ਤੋਂ ਵੱਧ ਜਾਇਦਾਦ ਬਨਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵੱਲੋਂ ਮੁਕੱਦਮਾ ਨੰਬਰ 12 ਮਿਤੀ 16.05.2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਬੀ), 13(2) ਹੇਠ ਦਰਜ ਕੀਤਾ ਸੀ।
ਉਕਤ ਮੁਕੱਦਮੇ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਦੋਸ਼ੀ ਬਲਵੀਰ ਕੁਮਾਰ ਵਿਰਦੀ ਦੇ ਖਾਸ ਸਾਥੀ ਵਜੋਂ ਉਕਤ ਭਗਵੰਤ ਭੂਸ਼ਣ ਉਰਫ ਬਾਵਾ ਨੇ ਖ਼ੁਦ 'ਜਗਦੰਬੇ ਲਾਈਫ ਸਟਾਈਲ' ਨਾਮ ਦੀ ਕੰਪਨੀ ਜਦਕਿ ਆਪਣੀ ਪਤਨੀ ਕਵਿਤਾ ਅਤੇ ਬਲਵੀਰ ਕੁਮਾਰ ਵਿਰਦੀ ਦੀ ਪਤਨੀ ਸੁਰਿੰਦਰ ਕੌਰ ਦੇ ਨਾਮ ਉਪਰ 'ਸਾਫ ਐਂਡ ਕੂਲ' ਨਾਮ ਦੀਆਂ ਲੁਧਿਆਣਾ ਵਿੱਚ ਦੋ ਕੰਪਨੀਆਂ ਖੋਲੀਆਂ ਹੋਈ ਸਨ ਅਤੇ ਭਗਵੰਤ ਭੂਸ਼ਣ ਦੋਸ਼ੀ ਬਲਵੀਰ ਕੁਮਾਰ ਵਿਰਦੀ ਦੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨੂੰ ਸਫੈਦ ਕਰਨ ਲਈ ਇਨ੍ਹਾਂ ਉਕਤ ਦੋਹਾਂ ਫਰਜੀ ਕੰਪਨੀਆਂ ਵਿੱਚ ਐਡਜਸਟ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਤਫਤੀਸ਼ ਤੋਂ ਪਾਇਆ ਗਿਆ ਕਿ ਬਲਵੀਰ ਕੁਮਾਰ ਵਿਰਦੀ ਦੀ ਕੋਠੀ ਨੰਬਰ 213, ਗੁਰੂ ਗੋਬਿੰਦ ਸਿੰਘ ਨਗਰ, ਜਲੰਧਰ ਵਿਚ ਜੋ ਲੱਗੀ ਹੋਈ ਲਿਫਟ ਦੀ 10,00,000 ਰੁਪਏ ਦੀ ਅਦਾਇਗੀ ਦੋਸ਼ੀ ਭਗਵੰਤ ਭੂਸ਼ਣ ਵੱਲੋਂ ਆਪਣੀ ਜਗਦੰਬੇ ਲਾਈਫ ਸਟਾਈਲ ਕੰਪਨੀ ਲੁਧਿਆਣਾ ਦੇ ਖਾਤੇ ਵਿੱਚੋਂ ਲਿਫਟ ਲਗਾਉਣ ਵਾਲੀ ਕੰਪਨੀ ਸ਼ਿੰਡਲਰ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਕੀਤੀ ਗਈ। ਇਸੇ ਤਰ੍ਹਾਂ ਬਲਵੀਰ ਕੁਮਾਰ ਵਿਰਦੀ ਦੀ ਉਕਤ ਕੋਠੀ ਵਿੱਚ ਲੱਗੇ ਜਨਰੇਟਰ ਦੀ 3,18,600 ਰੁਪਏ ਦੀ ਅਦਾਇਗੀ ਦੋਸ਼ੀ ਭਗਵੰਤ ਭੂਸ਼ਨ ਦੀ ਉਕਤ ਜਗਦੰਬੇ ਲਾਈਫ ਸਟਾਈਲ ਕੰਪਨੀ ਦੇ ਖਾਤੇ ਵਿੱਚੋਂ ਸੁਧੀਰ ਪਾਵਰ ਲਿਮਟਿਡ ਨੂੰ ਕੀਤੀ ਗਈ।
ਇਸ ਤਰ੍ਹਾਂ ਤਫਤੀਸ਼ ਦੌਰਾਨ ਭਗਵੰਤ ਭੂਸ਼ਨ ਦੀ ਭੂਮਿਕਾ ਸ਼ੱਕੀ ਹੋਣ ਕਰਕੇ ਉਸ ਨੂੰ ਉਕਤ ਮੁਕੱਦਮੇ ਵਿਚ ਨਾਮਜਦ ਕਰਨ ਉਪਰੰਤ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਕੱਦਮੇ ਦੇ ਦੋਸ਼ੀ ਬਲਵੀਰ ਕੁਮਾਰ ਵਿਰਦੀ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਉਸਦੇ ਰਿਹਾਇਸ਼ੀ ਅਤੇ ਹੋਰ ਲੁਕਣ ਟਿਕਾਣਿਆਂ ਪਰ ਛਾਪੇ ਮਾਰੇ ਜਾ ਰਹੇ ਹਨ, ਜਿਸਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੁਕੱਦਮੇ ਵਿੱਚ ਉਸ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਜਲੰਧਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਜ ਕੀਤੀ ਜਾ ਚੁੱਕੀ ਹੈ ਅਤੇ ਉਹ ਫ਼ਰਾਰ ਹੈ।
ਵਰਨਣਯੋਗ ਹੈ ਕਿ ਉਕਤ ਬਲਵੀਰ ਕੁਮਾਰ ਵਿਰਦੀ ਅਤੇ ਹੋਰਨਾਂ ਵੱਲੋਂ ਕੁੱਝ ਟਰਾਂਸਪੋਰਟਾਂ ਅਤੇ ਇੰਡਸਟਰੀ ਮਾਲਕਾਂ ਨਾਲ ਮਿਲ ਕੇ ਜੀ.ਐਸ.ਟੀ. ਵਿੱਚ ਘੋਟਾਲਾ ਕਰਨ ਖਿਲਾਫ ਮੁਕੱਦਮਾ ਨੰਬਰ 09 ਮਿਤੀ 21.08.2020 ਨੂੰ ਆਈ.ਪੀ.ਸੀ. ਦੀ ਧਾਰਾ 420, 465, 467, 468, 471, 120-ਬੀ-ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਥਾਣਾ ਵਿਜੀਲੈਂਸ ਬਿਉਰੋ, ਫਲਾਇੰਗ ਸੁਕਾਡ-1, ਐਸ.ਏ.ਐਸ.ਨਗਰ ਮੋਹਾਲੀ ਵਿਖੇ ਦਰਜ ਕੀਤਾ ਗਿਆ ਸੀ।ਇਸ ਮੁਕੱਦਮੇ ਵਿੱਚ ਦੋਸ਼ੀ ਬਲਵੀਰ ਕੁਮਾਰ ਵਿਰਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਸ਼ਾਮਲ ਤਫਤੀਸ਼ ਹੋਇਆ ਸੀ।