Ludhiana News: ਲੁਧਿਆਣਾ ਦੇ 16402 ਲੋਕਾਂ ਕੋਲ ਲਾਇਸੰਸੀ ਹਥਿਆਰ, ਪੁਲਿਸ ਨੇ 43 ਲਾਇਸੈਂਸ ਕੀਤੇ ਰੱਦ
16402 ਲੋਕਾਂ ਕੋਲ ਲਾਇਸੈਂਸੀ ਹਥਿਆਰ ਹਨ ਤੇ 19602 ਹਥਿਆਰ ਜਾਰੀ ਹੋਏ ਹਨ। ਲੁਧਿਆਣਾ ਪੁਲਿਸ ਹੁਣ ਤੱਕ 14600 ਲਾਇਸੈਂਸਾਂ ਦੀ ਜਾਂਚ ਕਰ ਚੁੱਕੀ ਹੈ। ਜਾਂਚ ਦੌਰਾਨ ਪੁਲਿਸ ਨੇ 43 ਲਾਇਸੈਂਸ ਰੱਦ ਕਰ ਦਿੱਤੇ ਹਨ।
Ludhiana News: ਪੰਜਾਬ ’ਚ ਵੱਧ ਰਹੀਆਂ ਗੈਂਗਵਾਰਾਂ ਤੇ ਗੈਂਗਸਟਰਾਂ ਵੱਲੋਂ ਆਏ ਦਿਨ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਹਥਿਆਰਾਂ ਦੇ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਹੋਈ ਸੀ ਜਿਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਵੈਰੀਫਿਕੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 43 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਬਾਕੀ ਹਾਲੇ ਕਈ ਲਾਇਸੈਂਸਾਂ ਦੀ ਚੈਕਿੰਗ ਚੱਲ ਰਹੀ ਹੈ ਜਿਸ ਦੀ ਉੱਚ ਅਧਿਕਾਰੀ ਖੁਦ ਜਾਂਚ ਕਰ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਵੈਰੀਫਿਕੇਸ਼ਨ ਦਾ ਕੰਮ ਅੰਤਿਮ ਪੜਾਅ ’ਚ ਪੁੱਜ ਚੁੱਕਿਆ ਹੈ। ਜੇਕਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ 16402 ਲੋਕਾਂ ਕੋਲ ਲਾਇਸੈਂਸੀ ਹਥਿਆਰ ਹਨ ਤੇ 19602 ਹਥਿਆਰ ਜਾਰੀ ਹੋਏ ਹਨ। ਲੁਧਿਆਣਾ ਪੁਲਿਸ ਹੁਣ ਤੱਕ 14600 ਲਾਇਸੈਂਸਾਂ ਦੀ ਜਾਂਚ ਕਰ ਚੁੱਕੀ ਹੈ। ਜਾਂਚ ਦੌਰਾਨ ਪੁਲਿਸ ਨੇ 43 ਲਾਇਸੈਂਸ ਰੱਦ ਕਰ ਦਿੱਤੇ ਹਨ। ਪੁਲਿਸ ਅਨੁਸਾਰ ਰੱਦ ਕੀਤੇ ਗਏ ਇਨ੍ਹਾਂ ਲਾਇਸੈਂਸਾਂ ’ਚ ਮੁੱਖ ਤੌਰ ’ਤੇ ਉਹ ਹਨ, ਜਿਨ੍ਹਾਂ ’ਚ ਲਾਇਸੈਂਸ ਧਾਰਕਾਂ ਜਾਂ ਲਾਇਸੈਂਸੀ ਹਥਿਆਰਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਹਨ।
ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਹਥਿਆਰਾਂ ਦੇ ਲਾਇਸੈਂਸ ਫਰਜ਼ੀ ਪਤੇ ’ਤੇ ਬਣੇ ਹੋਏ ਸਨ। ਇਸ ਤੋਂ ਬਾਅਦ ਸਾਰੇ ਹਥਿਆਰਾਂ ਦੇ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਜਾਂਚ ਮੁਹਿੰਮ ਤਹਿਤ ਸਾਰੇ ਥਾਣਿਆਂ ’ਚ ਹਥਿਆਰਾਂ ਦੇ ਲਾਇਸੈਂਸਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਵੱਲੋਂ ਸ਼ਹਿਰ ਦੇ ਗਨ ਹਾਊਸ ਵੀ ਚੈਕ ਕੀਤੇ ਗਏ ਸਨ। ਪੁਲਿਸ ਅਨੁਸਾਰ ਜਾਂਚ ਦੌਰਾਨ ਪੁਲਿਸ ਨੇ 131 ਲਾਇਸੈਂਸ ਧਾਰਕਾਂ ਨੂੰ ਨੋਟਿਸ ਜਾਰੀ ਕੀਤਾ ਸੀ, ਜਿਨ੍ਹਾਂ ਨੇ ਇੱਕ ਲਾਇਸੈਂਸ ’ਤੇ 3-3 ਹਥਿਆਰ ਚੜ੍ਹਵਾਏ ਹੋਏ ਸਨ। ਨਿਯਮਾਂ ਅਨੁਸਾਰ ਇੱਕ ਲਾਇਸੈਂਸ ’ਤੇ ਸਿਰਫ਼ 2 ਹਥਿਆਰ ਰੱਖੇ ਜਾ ਸਕਦੇ ਹਨ।
ਲਾਇਸੈਂਸ ਧਾਰਕਾਂ ਨੂੰ ਇੱਕ ਹਥਿਆਰ ਗੰਨ ਹਾਊਸ ਨੂੰ ਵੇਚਣ ਤੇ ਪੁਲਿਸ ਨੂੰ ਰਿਪੋਰਟ ਜਮ੍ਹਾਂ ਕਰਵਾਉਣ ਲਈ ਹੁਕਮ ਦਿੱਤੇ ਗਏ ਸਨ। ਤੀਸਰੇ ਹਥਿਆਰ ਨੂੰ ਵੇਚਣ ਤੋਂ ਬਾਅਦ 40 ਤੋਂ ਜ਼ਿਆਦਾ ਲਾਇਸੈਂਸ ਧਾਰਕਾਂ ਨੇ ਆਪਣੀ ਰਿਪੋਰਟ ਪੁਲੀਸ ਨੂੰ ਦਿੱਤੀ ਸੀ। ਇਸ ਜਾਂਚ ਦੌਰਾਨ ਵੱਖ-ਵੱਖ ਥਾਣਿਆਂ ਦੇ ਐਸਐਚਓ ਨੇ ਕੁਝ ਲਾਇਸੈਂਸ ਰੱਦ ਕਰਨ ਦੀ ਰਿਪੋਰਟ ਭੇਜੀ ਸੀ।
ਪੁਲਿਸ ਨੇ 43 ਲਾਇਸੈਂਸਾਂ ਨੂੰ ਰੱਦ ਕਰ ਦਿੱਤਾ ਹੈ। ਪੁਲਿਸ ਅਨੁਸਾਰ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ’ਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਥਿਆਰਾਂ ਦੀ ਦੁਰਵਰਤੋਂ ਕੀਤੀ ਸੀ ਤੇ ਉਨ੍ਹਾਂ ’ਤੇ ਐਫ਼ਆਈਆਰ ਦਰਜ ਹੋਈ ਹੈ। ਕੁਝ ਲੋਕ ਅਜਿਹੇ ਵੀ ਹਨ, ਜੋ ਹਥਿਆਰ ਰੱਖਣ ਦੇ ਇਛੁੱਕ ਨਹੀਂ ਹਨ ਤੇ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਦੇ ਪਰਿਵਾਰ ਨੇ ਲਾਇਸੈਂਸ ਰੱਦ ਕਰਨ ਲਈ ਆਖਿਆ ਸੀ। ਜਾਂਚ ਦੌਰਾਨ ਪੁਲਿਸ ਨੇ ਉਲੰਘਣ ਕਰਨ ਵਾਲਿਆਂ ਦੇ ਖਿਲਾਫ਼ ਵੀ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਭੱਦੀ ਸ਼ਬਦਾਵਲੀ ਏ ਲਈ 6 ਕੇਸ ਵੀ ਦਰਜ ਕੀਤੇ ਹਨ।