ਜਿੰਮ ਟ੍ਰੇਨਰ ਦੀ ਭੇਦ ਭਰੇ ਹਲਾਤਾਂ 'ਚ ਮਿਲੀ ਲਾਸ਼, ਮਾਮਲੇ ਦੀ ਜਾਂਚ 'ਚ ਲਗੀ ਪੁਲਿਸ
ਖੰਨਾ 'ਚ ਇੱਕ ਜਿੰਮ ਟ੍ਰੇਨਰ ਔਰਤ ਦੀ ਗਲੀ ਸੜੀ ਲਾਸ਼ ਕਮਰੇ 'ਚੋਂ ਮਿਲੀ ਹੈ। ਪੁਲਿਸ ਨੇ ਬੰਦ ਘਰ ਦੇ ਤਾਲੇ ਤੋੜ ਕੇ ਲਾਸ਼ ਬਰਾਮਦ ਕੀਤੀ। ਮੁੱਢਲੀ ਜਾਂਚ 'ਚ ਸਾਮਣੇ ਆਇਆ ਹੈ ਕਿ ਜਿੰਮ ਟ੍ਰੇਨਰ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕੀਤੀ।
ਬਿਪਨ ਭਾਰਦਵਾਜ
ਖੰਨਾ: ਖੰਨਾ 'ਚ ਇੱਕ ਜਿੰਮ ਟ੍ਰੇਨਰ ਔਰਤ ਦੀ ਗਲੀ ਸੜੀ ਲਾਸ਼ ਕਮਰੇ 'ਚੋਂ ਮਿਲੀ ਹੈ। ਪੁਲਿਸ ਨੇ ਬੰਦ ਘਰ ਦੇ ਤਾਲੇ ਤੋੜ ਕੇ ਲਾਸ਼ ਬਰਾਮਦ ਕੀਤੀ। ਮੁੱਢਲੀ ਜਾਂਚ 'ਚ ਸਾਮਣੇ ਆਇਆ ਹੈ ਕਿ ਜਿੰਮ ਟ੍ਰੇਨਰ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕੀਤੀ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ (42) ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ। ਲਾਸ਼ ਕਈ ਦਿਨਾਂ ਤੋਂ ਕਮਰੇ 'ਚ ਪਈ ਸੀ। ਬਦਬੂ ਫੈਲਣ 'ਤੇ ਮੁਹੱਲਾ ਵਾਸੀਆਂ ਨੂੰ ਪਤਾ ਲੱਗਿਆ ਤਾਂ ਗੱਲ ਸਾਹਮਣੇ ਆਈ।
ਮ੍ਰਿਤਕਾ ਪਰਮਜੀਤ ਕੌਰ ਦੇ ਭਰਾ ਜਗਦੀਸ਼ ਨੇ ਦੱਸਿਆ ਕਿ ਉਸਦੀ ਭੈਣ ਕਈ ਦਿਨਾਂ ਤੋਂ ਲਾਪਤਾ ਸੀ ਤਾਂ ਉਸਦੇ ਵੱਡੇ ਭਰਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਅੱਜ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਭੈਣ ਦੇ ਘਰੋਂ ਬਦਬੂ ਆ ਰਹੀ ਹੈ। ਜਿਸ ਮਗਰੋਂ ਉਹ ਵੀ ਮੌਕੇ 'ਤੇ ਆਏ। ਉਸਦੀ ਭੈਣ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਲਾਸ਼ ਪੂਰੀ ਤਰਾਂ ਗਲ ਗਈ ਸੀ।
ਖੰਨਾ ਦੀ ਐਸ ਪੀ (ਆਈ) ਡਾਕਟਰ ਪ੍ਰਗਿਆ ਜੈਨ ਅਤੇ ਡੀਐਸਪੀ ਵਿਲੀਅਮ ਜੈਜੀ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਕੀਤਾ। ਫੌਰੈਂਸਿਕ ਟੀਮ ਵੀ ਸੱਦੀ ਗਈ। ਡੀਐਸਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਪਰਮਜੀਤ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਸੀ। ਦੋਵੇਂ ਅਲੱਗ-ਅਲੱਗ ਰਹਿੰਦੇ ਸੀ। ਕੁੱਝ ਦਿਨਾਂ ਤੋਂ ਪਰਮਜੀਤ ਕੌਰ ਫੋਨ ਨਹੀਂ ਚੁੱਕ ਰਹੀ ਸੀ ਅਤੇ ਕਿਸੇ ਨੂੰ ਦਿਖਾਈ ਵੀ ਨਹੀਂ ਦਿੱਤੀ ਸੀ। ਅੱਜ ਮੁਹੱਲਾ ਵਾਸੀਆਂ ਨੇ ਕੌਂਸਲਰ ਨੂੰ ਦਸਿਆ ਅਤੇ ਕੌਂਸਲਰ ਕੋਲੋਂ ਪੁਲਿਸ ਨੂੰ ਪਤਾ ਲੱਗਿਆ। ਮੁੱਢਲੀ ਜਾਂਚ 'ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :