Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਡਾਇਲੇਸਿਸ ਕਰਵਾਉਣ ਆਏ ਮਰੀਜ਼ ਨਾਲ ਪਾਰਕਿੰਗ ਦੇ ਕਰਿੰਦਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨੌਜਵਾਨ ਦੀ ਦਸਤਾਰ ਤੱਕ ਉਤਾਰੀ ਗਈ ਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਇਨ੍ਹਾਂ ਹੀ ਨਹੀਂ ਵਿੱਚ ਬਚਾਅ ਲਈ ਆਈ ਉਸ ਦੀ ਬਜ਼ੁਰਗ ਮਾਂ ਨੂੰ ਵੀ ਧੱਕੇ ਮਾਰੇ ਗਏ। ਕਿਸੇ ਤਰ੍ਹਾਂ ਨਾਲ ਲੋਕਾਂ ਨੇ ਨੌਜਵਾਨ ਨੂੰ ਛੁਡਵਾਇਆ। 



ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜ਼ਖਮੀ ਹਰਪ੍ਰੀਤ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ ਹੈ। ਸਿਵਲ ਹਸਪਤਾਲ ’ਚ ਡਾਇਲੇਸਿਸ ਕਰਵਾਉਣ ਆਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ ਤੇ ਜਲਦਬਾਜ਼ੀ ’ਚ ਮੋਟਰਸਾਈਕਲ ਪਾਰਕਿੰਗ ’ਚ ਲਾ ਕੇ ਪਰਚੀ ਲਏ ਬਿਨਾਂ ਹਸਪਤਾਲ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਪਾਰਕਿੰਗ ਕਰਿੰਦੇ ਨੇ ਪਰਚੀ ਮੰਗੀ ਤਾਂ ਉਸ ਨੇ ਕਿਹਾ ਕਿ ਪਰਚੀ ਨਹੀਂ ਲਈ। 


ਉਸ ਨੇ ਦੱਸਿਆ ਕਿ ਪਾਰਕਿੰਗ ਫੀਸ 20 ਰੁਪਏ ਵਸੂਲਣ ਤੋਂ ਬਾਅਦ ਕਰਿੰਦੇ ਨੇ ਹਰਪ੍ਰੀਤ ਤੋਂ 150 ਰੁਪਏ ਜੁਰਮਾਨਾ ਵਸੂਲਣ ਦੀ ਗੱਲ ਕਹੀ। ਹਰਪ੍ਰੀਤ ਨੇ ਜਦੋਂ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਕਰਿੰਦਿਆਂ ਨੇ ਉਸ ਨਾਲ ਬੁਰਾ ਵਿਵਹਾਰ ਕਰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੀੜਤ ਦੀ ਪੱਗ ਵੀ ਉਤਾਰ ਦਿੱਤੀ। ਇਸ ਦੌਰਾਨ ਜਦੋਂ ਹਰਪ੍ਰੀਤ ਦੀ ਮਾਂ ਵਿੱਚ ਬਚਾਅ ਲਈ ਆਈ ਤਾਂ ਕਰਿੰਦਿਆਂ ਨੇ ਉਸ ਨੂੰ ਵੀ ਧੱਕੇ ਮਾਰੇ ਤੇ ਥੱਲੇ ਸੁੱਟ ਦਿੱਤਾ। 


ਇਸ ਦੌਰਾਨ ਹਰਪ੍ਰੀਤ ਨੂੰ ਉਨ੍ਹਾਂ ਕੇਸਾਂ ਤੋਂ ਫੜ ਕੇ ਘੜੀਸਿਆ। ਹਰਪ੍ਰੀਤ ਦੀ ਮਾਂ ਵਾਰ ਵਾਰ ਚੀਕਦੀ ਰਹੀ ਕਿ ਉਹ ਮਰੀਜ਼ ਹੈ ਉਸ ਦੀ ਕੁੱਟਮਾਰ ਨਾ ਕਰੋ, ਪਰ ਕਰਿੰਦਿਆਂ ਨੇ ਇੱਕ ਨਹੀਂ ਸੁਣੀ ਤੇ ਉਸ ਦੀ ਕੁੱਟਮਾਰ ਕਰਦੇ ਰਹੇ। ਲੋਕਾਂ ਦੇ ਵਿੱਚ ਬਚਾਅ ਤੋਂ ਬਾਅਦ ਕਰਿੰਦਿਆਂ ਨੇ ਹਰਪ੍ਰੀਤ ਨੂੰ ਛੱਡਿਆ। ਉਧਰ, ਪਾਰਕਿੰਗ ਠੇਕੇਦਾਰ ਮਿੱਕੀ ਸਾਹਨੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰਿੰਦੇ ਦਾ ਪਾਰਕਿੰਗ ਪਰਚੀ ਤੋਂ ਝਗੜਾ ਨਹੀਂ ਸੀ। ਦੋਹਾਂ ’ਚ ਕਿਸੇ ਗੱਲ ਤੋਂ ਬਹਿਸ ਹੋਈ ਸੀ ਤੇ ਕੁੱਟਮਾਰ ਹੋਈ। ਉਨ੍ਹਾਂ ਕਿਹਾ ਕਿ ਪਾਰਕਿੰਗ ’ਚ ਕਿਸੇ ਤੋਂ ਵੀ ਜ਼ਿਆਦਾ ਪੈਸੇ ਨਹੀਂ ਵਸੂਲੇ ਜਾ ਰਹੇ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ।