Ludhiana News: ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਤੇ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਮਗਰੋਂ ਸੋਸ਼ਲ ਮੀਡੀਆ ਉੱਪਰ ਵਿਵਾਦਤ ਬਿਆਨ ਦੇਣ ਵਾਲੇ ਲੀਡਰਾਂ ਅੰਦਰ ਸਹਿਮ ਹੈ। ਇੱਕ ਪਾਸੇ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਤੇ ਦੂਜੇ ਪਾਸੇ ਅਜਿਹੇ ਲੀਡਰ ਖੁਦ ਵੀ ਚੌਕਸ ਹੋ ਗਏ ਹਨ।
ਇਸੇ ਤਹਿਤ ਵਿਵਾਦਤ ਬਿਆਨ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀਆਂ ਦੇਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਮੰਡ ਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦਾਦ, ਸਰਾਭਾ ਨਗਰ ਐਕਸਟੈਂਸ਼ਨ ਮੰਡ ਦੇ ਘਰ ਦੀ ਗਲੀ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਤੇ ਗਲੀ ’ਚ ਬੈਰੀਕੇਡ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਬੰਕਰ ਬਣਾ ਦਿੱਤੇ ਗਏ ਹਨ।
ਮੰਡ ਦੇ ਘਰ ਅੱਗੇ ਖਾਲੀ ਜਗ੍ਹਾ ’ਤੇ ਪਰਦਾ ਪਾ ਕੇ ਉਸ ਨੂੰ ਕਵਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੰਡ ਦੇ ਗੁਆਂਢ ਵਿੱਚ ਰਹਿੰਦੇ ਲੋਕਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਸ਼ਨੀਵਾਰ ਨੂੰ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਲਗਾਤਾਰ ਧਮਕੀਆਂ ਮਿਲਣ ਮਗਰੋਂ ਗੁਰਸਿਮਰਨ ਸਿੰਘ ਮੰਡ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ, ਜਿਸ ਮਗਰੋਂ ਥਾਣਾ ਸਦਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਸ ਨੇ ਕਈ ਵਿਦੇਸ਼ੀ ਨੰਬਰਾਂ ਦਾ ਜ਼ਿਕਰ ਵੀ ਕੀਤਾ ਹੈ।
ਬੀਤੇ ਦਿਨ ਗੈਂਗਸਟਰ ਗੋਲਡੀ ਬਰਾੜ ਨੇ ਗੁਰਸਿਮਰਨ ਸਿੰਘ ਮੰਡ ਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਹਾਲ ਵੀ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਵਰਗਾ ਹੀ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਕਿਹਾ ਕਿ ਮੰਡ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਸੁਰੱਖਿਆ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੁਲਿਸ ਨੇ ਵੀ ਮੰਡ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਅਪਲੋਡ ਕਰਨ ਤੋਂ ਰੋਕ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਕਿਸੇ ਵੀ ਚੈਨਲ ਨੂੰ ਇੰਟਰਵਿਊ ਨਾ ਦੇਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।