Ludhiana News: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਵੀਂ ਖੇਤੀ ਨੀਤੀ ਬਣਾਉਣ ਲਈ ਖੇਤੀ ਵਿਗਿਆਨੀਆਂ, ਮਾਹਿਰਾਂ ਤੋਂ ਇਲਾਵਾ ਕਿਸਾਨਾਂ ਦੇ ਤਜਰਬੇ ਦਾ ਵੀ ਲਾਹਾ ਲਿਆ ਜਾਵੇਗਾ। ਖੇਤੀ ਮੰਤਰੀ ਨੇ ਸ਼ਨੀਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਤੇ ਕੋਟਲੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਲਈ ਸਮੇਂ ਸਿਰ ਪਾਣੀ, ਖੇਤੀਬਾੜੀ ਮਸ਼ੀਨਰੀ ’ਤੇ ਸਬਸਿਡੀ ਤੋਂ ਇਲਾਵਾ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। 


ਇਸ ਮੌਕੇ ਉਨ੍ਹਾਂ ਅਗਾਂਹਵਧੂ ਕਿਸਾਨਾਂ ਦੀ ਪਿੱਠ ਥਾਪੜੀ ਤੇ ਉਨ੍ਹਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾ ਲਈ ਵੀ ਮਾਰਗ ਦਰਸ਼ਕ ਸਾਬਤ ਹੁੰਦੇ ਹਨ। ਅਗਾਂਹਵਧੂ ਕਿਸਾਨ ਤਪਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਕਿਸਾਨ ਨੇ ਪਿਛਲੇ 5 ਸਾਲਾਂ ਤੋਂ ਮਸ਼ੀਨ ਨਾਲ ਝੋਨੇ ਦੀ ਬਿਜਾਈ ਕਰ ਕੇ ਜਿੱਥੇ ਮਜ਼ਦੂਰੀ ਦਾ ਖਰਚਾ ਬਚਾਇਆ ਹੈ, ਉੱਥੇ ਪ੍ਰਤੀ ਏਕੜ ਕਰੀਬ ਤਿੰਨ ਕੁਇੰਟਲ ਝਾੜ ਵੀ ਵੱਧ ਲਿਆ ਹੈ।



ਖੇਤੀ ਮੰਤਰੀ ਖੁੱਡੀਆਂ ਨੇ ਅਗਾਂਹਵਧੂ ਕਿਸਾਨ ਵੱਲੋਂ ਹੋਰਨਾਂ ਕਿਸਾਨਾਂ ਨੂੰ ਪਨੀਰੀ ਅਤੇ ਬਿਜਾਈ ਲਈ ਇਸੇ ਵਿਧੀ ਨੂੰ ਅਪਣਾਉਣ ਵਿੱਚ ਸਹਿਯੋਗ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। 



ਇਸ ਮੌਕੇ ਮੌਜੂਦ ਕਿਸਾਨਾਂ ਨੇ ਵੀ ਇਕਸੁਰ ਹੋ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਵੱਲੋਂ ਬਿਜਲੀ, ਪਾਣੀ, ਖੇਤੀ ਮਸ਼ੀਨਰੀ ’ਤੇ ਸਬਸਿਡੀ, ਖਾਦ, ਬੀਜ ਵੇਲੇ ਸਿਰ ਕਿਸਾਨਾਂ ਨੂੰ ਮੁਹੱਈਆ ਕਰਾਉਣ ਲਈ ਧੰਨਵਾਦ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇ.ਐਨ.ਐਸ ਕੰਗ, ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।