Ludhiana News: ਭਗਵੰਤ ਮਾਨ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਇੱਕ ਤੋਂ ਬਾਅਦ ਇੱਕ ਰਿਪੋਰਟਾਂ ਆ ਰਹੀਆਂ ਹਨ ਕਿ ਪੰਜਾਬ ਅੰਦਰ ਕੌਮੀ ਪੱਧਰ ਦੇ ਖਿਡਾਰੀ ਰੁਲ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। 



ਲੁਧਿਆਣਾ ਦੇ ਜੜਤੋਲੀ ਪਿੰਡ ਦੇ ਖਿਡਾਰੀ ਰਾਜਪਾਲ ਵੱਲੋਂ ਕੌਮੀ ਪੱਧਰ ਤੱਕ ਦਰਜਨਾਂ ਇਨਾਮ ਜਿੱਤਣ ਦੇ ਬਾਵਜੂਦ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਮੌਜੂਦਾ ਸਮੇ ਜਿੱਥੇ ਖਿਡਾਰੀ ਸਰੀਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰੋਟੀਨ ਲੈਂਦੇ ਹਨ, ਉੱਥੇ ਕਰੀਬ 51 ਸਾਲ ਦਾ ਰਾਜਪਾਲ ਕਾਲੇ ਛੋਲਿਆਂ ਨੂੰ ਪੁੰਗਰਾ ਕੇ ਖਾਂਦਾ ਹੈ। ਉਸ ਨੇ 1988 ਵਿੱਚ ਐਨਸੀਸੀ ’ਚ ਨੈਸ਼ਨਲ ਜੂਨੀਅਰ ਦੀ 4 ਕਿਲੋਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।



ਹਾਸਲ ਜਾਣਕਾਰੀ ਮੁਤਾਬਕ ਸਾਲ 1992-93 ਦੌਰਾਨ ਪੀਏਯੂ ਵਿੱਚ ਵਿੱਚ ਹੋਈਆਂ ਓਪਨ ਖੇਡਾਂ ’ਚ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਪਛਾੜਦਿਆਂ 10,000 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ। 1993-94 ਦੀ ਇੰਟਰ ਯੂਨੀਵਰਸਿਟੀ ਹਾਫ ਮੈਰਾਥਨ ’ਚ ਉਸ ਨੇ ਚੌਥਾ ਤੇ 12 ਕਿਲੋਮੀਟਰ ਦੀ ਦੌੜ ਵਿੱਚੋਂ ਤੀਜਾ ਸਥਾਨ, 2018 ਵਿੱਚ ਉਸ ਨੇ ਨਾਰਥ ਇੰਡੀਆ ਪਾਵਰ ਫਿਟਨਸ ਚੈਂਪੀਅਨਸ਼ਿਪ ਵਿੱਚ ਪਹਿਲਾ ਅਤੇ ਬਨਾਰਸ ’ਚ ਕੌਮੀ ਪੱਧਰ ਦੇ ਹਾਈ ਜੰਪ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। 


ਇਸ ਤੋਂ ਇਲਾਵਾ 2019 ਵਿੱਚ ਉਸ ਦੀ ਬ੍ਰਿਟੇਨ ਗੋ ਟੈਲੈਂਟ, ਅਮਰੀਕ ਗੋ ਟੈਲੇਂਟ ਲਈ ਚੋਣ ਤੇ 1990-91 ’ਚ ਰੀਪਬਲਿਕ ਡੇਅ ਪਰੇਡ ਲਈ ਵੀ ਚੋਣ ਹੋ ਚੁੱਕੀ ਹੈ। ਰਾਜਪਾਲ ਦਾ ਕਹਿਣਾ ਹੈ ਕਿ ਉਹ ਚੀਚੀ ਉਂਗਲ ਨਾਲ ਕੁਇੰਟਲ ਤੋਂ ਵੀ ਵੱਧ ਭਾਰ ਚੁੱਕ ਸਕਦਾ ਹੈ। ਇਸ ਕਲਾ ਰਾਹੀਂ ਉਸ ਨੇ ਦਰਜਨਾਂ ਇਨਾਮ ਜਿੱਤੇ ਹਨ। ਕੁਝ ਸਮਾਂ ਉਸ ਨੇ ਜਿਮ ਵੀ ਚਲਾਇਆ ਪਰ ਕਰੋਨਾ ਤੋਂ ਬਾਅਦ ਉਸ ਦਾ ਕੰਮ ਖਤਮ ਹੋ ਗਿਆ।



ਹੁਣ ਵੀ ਕਲਕੱਤਾ ਤੇ ਬੰਗੋਲਰ ਵਿੱਚ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਉਸ ਦੀ ਚੋਣ ਹੋ ਚੁੱਕੀ ਹੈ ਪਰ ਉਸ ਕੋਲ ਉੱਥੇ ਜਾਣ ਲਈ ਪੈਸੇ ਨਹੀਂ ਹਨ ਤੇ ਨਾ ਹੀ ਅਜੇ ਤੱਕ ਕੋਈ ਸਪਾਂਸਰ ਮਿਲਿਆ ਹੈ। ਉਸ ਨੇ ਦੁੱਖ ਪ੍ਰਗਟਾਇਆ ਕਿ ਕੌਮੀ ਪੱਧਰ ਤੱਕ ਸੂਬੇ ਦਾ ਨਾਂ ਚਮਕਾਉਣ ਬਦਲੇ ਨਾ ਤਾਂ ਕੋਈ ਸਨਮਾਨ ਤੇ ਨਾ ਹੀ ਕੋਈ ਨੌਕਰੀ ਮਿਲੀ ਹੈ।