Ludhiana News: ਖੰਨਾ ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਵਿੱਤਰ-ਹੁਸਨਦੀਪ ਗੈਂਗ ਦਾ 01 ਮੈਂਬਰ ਅਤੇ ਦਰਮਨ ਕਾਹਲੋਂ ਗੈਂਗ ਦੇ 02 ਮੈਂਬਰ ਗ੍ਰਿਫਤਾਰ ਕੀਤੇ ਗਏ। ਇਹਨਾਂ ਕੋਲੋਂ 08 ਅਸਲੇ, 14 ਮੈਗਜੀਨ ਅਤੇ 05 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਦੱਸ ਦਈਏ ਕਿ ਇਨ੍ਹਾਂ ਦਾ ਇੱਕ ਸਾਥੀ ਮਾਨਸਾ ਜੇਲ੍ਹ ਚ ਬੈਠ ਕੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਦੀ ਪੂਰੀ ਯੋਜਨਾ ਬਣਾਉਂਦਾ ਸੀ। ਇਨ੍ਹਾਂ ਦਾ ਕਨੈਕਸ਼ਨ 7 ਜੂਨ ਨੂੰ ਬਠਿੰਡਾ ਚ ਬੰਬ ਧਮਾਕਿਆਂ ਦੀ ਧਮਕੀ ਨਾਲ ਵੀ ਹੋ ਸਕਦਾ ਹੈ। ਇਸ ਤੋਂ ਖੰਨਾ ਪੁਲਿਸ ਨੇ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਹਰ ਪੱਖੋਂ ਜਾਂਚ ਜਾਰੀ ਹੈ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ 'ਚ 14 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 108 ਅਸਲਿਆਂ ਦੀ ਬਰਾਮਦਗੀ ਕੀਤੀ ਹੈ। 15 ਮਈ ਤੋਂ ਇਹ ਕਾਰਵਾਈ ਚੱਲ ਰਹੀ ਸੀ। ਸਭ ਤੋਂ ਪਹਿਲਾਂ ਸ਼ੱਕੀਆਂ ਸਬੰਧ ਵਿੱਚ ਮੰਜੀ ਸਾਹਿਬ ਕੋਟਾਂ ਵੱਲ ਜਾਂਦੇ ਹੋਏ ਜਦੋਂ ਪੁਲਿਸ ਪਾਰਟੀ ਬੀਜਾ ਚੌਕ ਪੁਲ ਹੇਠਾਂ ਮੌਜੂਦ ਸੀ ਤਾਂ ਉਨ੍ਹਾਂ ਕੋਲ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਚਾਰ-ਪੰਜ ਅਣਪਛਾਤੇ ਕਾਰ 'ਚ ਸਵਾਰ ਹੋ ਕੇ ਦਿੱਲੀ ਸਾਈਡ ਤੋਂ ਲੁਧਿਆਣੇ ਵੱਲ ਜਾ ਰਹੇ ਹਨ ਜਿਨ੍ਹਾਂ ਕੋਲ ਗੈਰ ਕਾਨੂੰਨੀ ਅਸਲਾ ਹੈ।
ਪੁਲਿਸ ਨੇ ਜੀ.ਟੀ. ਰੋਡ ਪਿੰਡ ਮੰਡਿਆਲਾ ਕਲਾਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ। ਕਾਰ ਸਵਾਰ ਚਾਰ ਲੜਕਿਆਂ ਹਰਦੇਵ ਸਿੰਘ ਉਰਫ ਦੇਵ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਵਾਸੀ ਪਿੰਡ ਪੂਰੀਆ ਕਲਾ ਥਾਣਾ ਸਦਰ ਬਟਾਲਾ ਜਿਲ੍ਹਾ ਗੁਰਦਾਸਪੁਰ ਅਤੇ ਧਰਮਪ੍ਰੀਤ ਸਿੰਘ ਉਰਫ ਮੋਟਾ ਵਾਸੀ ਬਟਾਲਾ ਜਿਲਾ ਗੁਰਦਾਸਪੁਰ ਨੂੰ 3 ਪਿਸਟਲ 32 ਬੋਰ ਗ੍ਰਿਫ਼ਤਾਰ ਕੀਤਾ ਗਿਆ।
ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਦੇਵ ਸਿੰਘ ਉਰਫ ਦੇਵ ਦਾ ਸਬੰਧ ਪਵਿੱਤਰ ਹੁਸਨਦੀਪ ਗੈਂਗ ਨਾਲ ਹੈ, ਜੋ ਕਿ ਅੰਮ੍ਰਿਤਸਰ ਜੇਲ੍ਹ ਵਿਖੇ ਮਿਲੇ ਸੀ, ਜਿਸ ਤੋਂ ਬਾਅਦ ਹਰਦੇਵ ਸਿੰਘ ਨੇ ਅਸਲੇ ਦੀ ਅੰਤਰ-ਰਾਜੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਵੱਡੇ ਪੱਧਰ ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ। ਇਸਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਜੋ ਕਿ ਕਾਫੀ ਸਮੇਂ ਤੋਂ ਇਹਨਾਂ ਮੁਕੱਦਮਿਆਂ ਵਿਚ ਭਗੌੜਾ ਕਰਾਰ ਕੀਤਾ ਹੋਇਆ ਸੀ।
ਪੁੱਛਗਿੱਛ ਇਹ ਗੱਲ ਵੀ ਸਾਹਮਣੇ ਆਈ ਕਿ ਦੋਸ਼ੀ ਰਵਿੰਦਰਪਾਲ ਸਿੰਘ ਦਰਮਨ ਕਾਹਲੋਂ ਗਰੁੱਪ ਦਾ ਖਾਸ ਗੁਰਗਾ ਹੈ। ਜਿਸ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ, ਅਸਲਾ ਐਕਟ ਅਤੇ ਇਰਾਦਾ ਕਤਲ ਤਹਿਤ ਮੁਕੱਦਮੇ ਦਰਜ ਹਨ। ਰਵਿੰਦਰਪਾਲ ਸਿੰਘ ਉਕਤ ਦੀ ਨਿਸ਼ਾਨਦੇਹੀ ਤੇ ਖੇਤਾਂ ਚ ਬਣੇ ਉਸਦੇ ਡੇਰੇ ਚੋਂ 3 ਪਿਸਟਲ 32 ਬੋਰ, 05 ਮੈਗਜ਼ੀਨ ਅਤੇ 03 ਜਿੰਦਾ ਕਾਰਤੂਸ ਬਰਾਮਦ ਹੋਏ।
ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਵਿੰਦਰਪਾਲ ਸਿੰਘ ਨੇ ਇਹ ਹਥਿਆਰ ਮਾਨਸਾ ਜੇਲ੍ਹ ਚ ਬੰਦ ਆਪਣੇ ਇੱਕ ਸਾਥੀ ਰਾਹੀਂ ਸੰਧੋਰ ਜ਼ਿਲਾ ਇੰਦੌਰ (MP) ਤੋਂ ਖਰੀਦੇ ਸਨ। ਇਸ ਸਾਥੀ ਨੂੰ ਕੇਸ ਚ ਨਾਮਜ਼ਦ ਕੀਤਾ ਗਿਆ ਅਤੇ ਜੇਲ੍ਹ ਵਿੱਚੋਂ ਲਿਆ ਕੇ ਉਸਦੀ ਨਿਸ਼ਾਨਦੇਹੀ ਤੇ 2 ਪਿਸਟਲ 32 ਬੋਰ, 5 ਮੈਗਜ਼ੀਨ ਬਰਾਮਦ ਕੀਤੇ ਗਏ।