BJP Leader Gurvinder Singh Prinkle: ਲੁਧਿਆਣਾ ਦੇ ਸਦਰ ਥਾਣੇ ਦੀ ਪੁਲਿਸ ਨੇ ਭਾਜਪਾ ਆਗੂ ਤੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇੱਕ ਸਿੱਖ ਕਥਾਕਾਰ ਨੂੰ ਗਾਲ੍ਹਾਂ ਕੱਢਣ ਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮ ਪ੍ਰਿੰਕਲ ਫਿਲਹਾਲ ਫਰਾਰ ਹੈ। ਪ੍ਰਿੰਕਲ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅਕਸਰ ਵਿਵਾਦਾਂ 'ਚ ਰਹਿੰਦਾ ਹੈ।



ਹਾਸਲ ਜਾਣਕਾਰੀ ਮੁਤਾਬਕ ਕਥਾਵਾਚਕ ਹਰਪ੍ਰੀਤ ਸਿੰਘ ਮੱਖੂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ। ਉਹ ਭਾਰਤ ਤੇ ਵਿਦੇਸ਼ਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ 7 ਹਜ਼ਾਰ ਤੋਂ ਵੱਧ ਇੰਟਰਵਿਊਜ਼ ਸੋਸ਼ਲ ਮੀਡੀਆ 'ਤੇ ਚੱਲ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਆਪਣਾ ਚੈਨਲ ਵੀ ਚੱਲ ਰਿਹਾ ਹੈ।



ਕਥਾਵਾਚਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਪ੍ਰਿੰਕਲ ਨਾਂ ਦਾ ਵਿਅਕਤੀ ਸੋਸ਼ਲ ਮੀਡੀਆ 'ਤੇ ਅਪਸ਼ਬਦ ਬੋਲ ਰਿਹਾ ਸੀ। ਉਨ੍ਹਾਂ ਨੇ ਇਸ ਸਬੰਧੀ ਪ੍ਰਿੰਕਲ ਦੇ ਵਿਰੋਧੀ ਦਾ ਇੰਟਰਵਿਊ ਲਿਆ ਤੇ ਫੇਸਬੁੱਕ 'ਤੇ ਪੋਸਟ ਕਰ ਦਿੱਤਾ। ਇਸ ਤੋਂ ਬਾਅਦ ਪ੍ਰਿੰਕਲ ਨੇ ਆਪਣੇ ਮੋਬਾਈਲ ਨੰਬਰ ਤੋਂ ਵਟਸਐਪ 'ਤੇ ਕਾਲ ਕੀਤੀ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਿੰਕਲ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਤੇ ਧਮਕੀਆਂ ਦਿੱਤੀਆਂ।



ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਕਲ ਨੇ ਵਟਸਐਪ ਕਾਲ ਰਿਕਾਰਡ ਕੀਤੀ ਤੇ ਇਸ ਨੂੰ ਐਡਿਟ ਕਰਕੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕਰ ਦਿੱਤਾ। ਸਮਾਜਿਕ ਤੌਰ 'ਤੇ ਪ੍ਰਿੰਕਲ ਨੇ ਮੇਰਾ ਅਕਸ ਖਰਾਬ ਕੀਤਾ ਹੈ। ਹਰਪ੍ਰੀਤ ਸਿੰਘ ਅਨੁਸਾਰ ਦੇਸ਼-ਵਿਦੇਸ਼ ਦੇ ਸ਼ਰਧਾਲੂ ਮੇਰੀ ਕਥਾ ਸੁਣਦੇ ਹਨ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸੋਸ਼ਲ ਮੀਡੀਆ 'ਤੇ ਔਰਤਾਂ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ 'ਚ ਪ੍ਰਿੰਕਲ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਪੁਲਿਸ ਪ੍ਰਿੰਕਲ ਦੇ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਕਰ ਰਹੀ ਹੈ।