Ludhiana News : ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਵਿਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜੇਕਰ ਅੰਕੜਿਆਂ ਦੀ ਕੀਤੀ ਜਾਵੇ ਤਾਂ ਇਕੱਲੇ ਲੁਧਿਆਣਾ ਵਿੱਚ ਹੀ ਬੀਤੇ ਤਿੰਨ ਮਹੀਨਿਆਂ ਅੰਦਰ 400 ਦੇ ਕਰੀਬ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਹਨਾਂ ਵਿੱਚ ਦਿਨ ਪ੍ਰਤੀ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਸਾਈਬਰ ਠੱਗਾਂ ਵੱਲੋਂ ਨਵੇਂ- ਨਵੇਂ ਢੰਗ ਦੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਿਸ ਵਿੱਚ ਭੋਲੇ- ਭਾਲੇ ਲੋਕ ਆ ਕੇ ਆਪਣੀ ਮਿਹਨਤ ਦੀ ਕਮਾਈ ਗਵਾ ਰਹੇ ਹਨ। ਇਨ੍ਹਾਂ 'ਤੇ ਠੱਲ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹਰ ਵਾਰ ਨਵੇਂ ਢੰਗ ਦੇ ਨਾਲ ਸਾਈਬਰ ਠੱਗੀ ਦੇ ਤਰੀਕੇ ਕਿਸੇ ਨਾ ਕਿਸੇ ਨੂੰ ਆਪਣੇ ਜਾਲ ਦੇ ਵਿਚ ਲੈ ਲੈਂਦੇ ਹਨ। ਭਾਵੇਂ ਉਹ ਕੋਈ ਅਨਪੜ੍ਹ ਹੋਵੇ ਜਾਂ ਫਿਰ ਕੋਈ ਪੜ੍ਹਿਆ ਲਿਖਿਆ ਅੱਜ ਕੱਲ ਸਾਰੇ ਹੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
ਲੁਧਿਆਣਾ ਦੇ ਵਿਚ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇਕ ਫੋਨ ਆਇਆ ਸੀ ਤੇ ਉਸਦੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਲਈ ਬੈਂਕ ਕੰਪਨੀ ਵੱਲੋਂ ਫੋਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਸ ਨੇ ਸਾਰੀ ਡਿਟੇਲ ਉਨ੍ਹਾਂ ਨਾਲ ਸਾਂਝੀ ਕੀਤੀ ਅਤੇ ਫਿਰ ਉਸ ਦੇ ਖਾਤੇ 'ਚੋਂ 1 ਲੱਖ 17 ਹਜ਼ਾਰ ਰੁਪਏ ਦੇ ਕਰੀਬ ਠੱਗੀ ਵੱਜ ਗਈ, ਹੁਣ ਬੈਂਕ ਉਸ ਤੋਂ ਉਹ ਪੈਸੇ ਵਿਆਜ ਸਮੇਤ ਮੰਗ ਰਿਹਾ ਹੈ। ਜਦੋਂ ਕਿ ਉਸ ਨੇ ਇਸ ਸਬੰਧੀ ਇੱਕ ਘੰਟੇ ਬਾਅਦ ਹੀ ਸਬੰਧਤ ਬੈਂਕ ਨੂੰ ਸ਼ਿਕਾਇਤ ਦਿੱਤੀ ਸੀ।
ਏਥੋਂ ਤੱਕ ਕਿ ਉਸ ਨੇ ਸਾਈਬਰ ਸੈੱਲ ਵਿੱਚ ਵੀ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਹਾਲੇ ਤੱਕ ਉਸ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਅਤੇ ਉਸ ਨੂੰ ਬੈਂਕ ਵੱਲੋਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਥੇ ਹੀ ਦਿੱਲੀ ਅਧਾਰਿਤ ਇੱਕ ਕੰਪਨੀ ਦੇ ਸਾਈਬਰ ਐਕਸਪਰਟ ਵੀ ਲੁਧਿਆਣਾ ਕਿਸੇ ਮਾਮਲੇ ਨੂੰ ਲੈ ਕੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਦੱਸਿਆ ਕਿ ਰੋਜਾਨਾ ਹਜ਼ਾਰਾਂ ਹੀ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਲੋਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਈਬਰ ਠੱਗ ਨਵੇਂ-ਨਵੇਂ ਢੰਗ ਅਪਣਾਕੇ ਲੋਕਾਂ ਤੋਂ ਪੈਸੇ ਠੱਗ ਰਹੇ ਹਨ। ਇਹ ਸਿਰਫ ਅਨਪੜ੍ਹ ਲੋਕਾਂ ਨਾਲ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਸਾਈਬਰ ਕਰਾਈਮ ਦੇ ਏ ਸੀਪੀ ਨੇ ਦੱਸਿਆ ਕਿ ਲੁਧਿਆਣਾ ਦੇ ਵਿਚ ਬੀਤੇ ਤਿੰਨ ਮਹੀਨਿਆਂ ਅੰਦਰ 400 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹਰ ਸਾਲ 5000 ਦੇ ਕਰੀਬ ਸਾਹਿਬ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਅਤੇ ਸੁਚੇਤ ਰਹਿਣਾ ਹੀ ਇਸ ਦਾ ਬਚਾਅ ਹੈ ਕਿਉਂਕਿ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਕਾਂ ਨੂੰ ਠੱਗਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਆਪਣੇ ਬੈਂਕ ਦੇ ਨਾਲ ਅਤੇ ਸਾਈਬਰ ਕਰਾਈਮ ਬਰਾਂਚ ਦੇ ਵਿਚ ਸੰਪਰਕ ਕੀਤਾ ਜਾਂਦਾ ਹੈ ਤਾਂ ਕਾਫੀ ਹੱਦ ਤੱਕ ਮਸਲਾ ਹੱਲ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਕੱਲ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਭੋਲੇ ਭਾਲੇ ਲੋਕਾਂ ਨੂੰ ਉਨਾਂ ਦੀ ਭਾਸ਼ਾ ਵਿਚ ਗੱਲ ਕਰਕੇ ਫਸਾਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਪੈਸੇ ਦੇਣ ਦਾ ਵੀ ਲਾਲਚ ਦਿੱਤਾ ਜਾਂਦਾ ਹੈ। ਕਿਸੇ ਰਿਸ਼ਤੇਦਾਰ ਦੇ ਬੀਮਾਰ ਹੋਣ ਜਾਂ ਫਿਰ ਉਸ ਦੇ ਲੋੜਵੰਦ ਹੋਣ ਦੀ ਗੱਲ ਕਹਿ ਕੇ ਪੈਸੇ ਕਢਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ।