Delhi Katra Expressway: ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
Ludhiana News: ਲੁਧਿਆਣਾ ਵਿੱਚ ਭਾਰਤਮਾਲਾ ਪ੍ਰੋਜੈਕਟ ਤਹਿਤ ਗ੍ਰੀਨਫੀਲਡ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਬ੍ਰੇਕ ਲੱਗ ਸਕਦੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਠੇਕੇਦਾਰ ਨੇ ਅੱਧ ਵਿਚਾਲੇ ਕੰਮ ਛੱਡਣ ਦੀ ਇੱਛਾ ਪ੍ਰਗਟਾਈ
Ludhiana News: ਲੁਧਿਆਣਾ ਵਿੱਚ ਭਾਰਤਮਾਲਾ ਪ੍ਰੋਜੈਕਟ ਤਹਿਤ ਗ੍ਰੀਨਫੀਲਡ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਬ੍ਰੇਕ ਲੱਗ ਸਕਦੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਠੇਕੇਦਾਰ ਨੇ ਅੱਧ ਵਿਚਾਲੇ ਕੰਮ ਛੱਡਣ ਦੀ ਇੱਛਾ ਪ੍ਰਗਟਾਈ ਹੈ। ਕੰਪਨੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਪ੍ਰਾਜੈਕਟ ’ਤੇ ਕੰਮ ਕਰ ਰਹੇ ਕਈ ਹੋਰ ਠੇਕੇਦਾਰ ਪਹਿਲਾਂ ਹੀ ਕੰਮ ਛੱਡ ਚੁੱਕੇ ਹਨ ਤੇ ਉਹ ਵੀ ਇਸ ਬਾਰੇ ਵਿਚਾਰ ਕਰਨ ਲਈ ਮਜਬੂਰ ਹਨ।
ਦਰਅਸਲ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਇੱਕ ਪੱਤਰ ਲਿਖ ਕੇ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਥਾਣਾ ਖੇਤਰ ਵਿੱਚ ਠੇਕੇਦਾਰ ਕੰਪਨੀ ਐਮਕੇਸੀ ਇਨਫਰਾਸਟਰੱਕਚਰ ਲਿਮਟਿਡ ਲਈ ਕੰਮ ਕਰਨ ਵਾਲੀ ਸ਼੍ਰੀ ਬਾਲਾਜੀ ਟ੍ਰੇਡਿੰਗ ਕੰਪਨੀ ਦੁਆਰਾ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਧਮਕਾਉਣ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ।
ਪੱਤਰ ਵਿੱਚ ਜਲੰਧਰ ਦਿਹਾਤੀ ਦੇ ਨੂਰਮਹਿਲ ਇਲਾਕੇ ਵਿੱਚ ਇੱਕ ਠੇਕੇਦਾਰ ਕੰਪਨੀ ਦੇ ਮੁਲਾਜ਼ਮ ’ਤੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿੱਥੇ ਪੁਲਿਸ ਕੇਸ ਦਰਜ ਹੋਣ ਮਗਰੋਂ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਸੀ। ਪੰਜਾਬ ਦੇ ਮੁੱਖ ਸਕੱਤਰ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ ਤੇ ਇਸ ਮਗਰੋਂ ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ।
ਐਮਕੇਸੀ ਇਨਫਰਾਸਟਰੱਕਚਰ ਲਿਮਟਿਡ ਦੇ ਏਜੀਐਮ ਤਾਲਮੇਲ ਬ੍ਰਿਜੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਉਹ ਸ਼ੁਰੂ ਤੋਂ ਹੀ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਇਸ ਡਰੀਮ ਪ੍ਰੋਜੈਕਟ ਲਈ ਉਨ੍ਹਾਂ ਦੀ ਕੰਪਨੀ ਮਲੇਰਕੋਟਲਾ ਤੋਂ ਲੈ ਕੇ ਗੁਰਦਾਸਪੁਰ ਜ਼ਿਲ੍ਹੇ ਤੱਕ ਵੱਖ-ਵੱਖ ਹਿੱਸਿਆਂ 'ਤੇ ਕੰਮ ਕਰ ਰਹੀ ਹੈ ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੋਰਨਾਂ ਕੰਪਨੀਆਂ ਵਾਂਗ ਉਹ ਵੀ ਇਸ ਪ੍ਰੋਜੈਕਟ ਨੂੰ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਰਮਚਾਰੀ ਆਪਣੀ ਜਾਨ ਨੂੰ ਖਤਰਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਰੀਬ 50 ਫੀਸਦੀ ਕੰਮ ਪੂਰਾ ਕਰ ਲਿਆ ਹੈ ਪਰ ਹੁਣ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਸੇ ਤਰ੍ਹਾਂ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਬਹੁਤ ਡਰੇ ਹੋਏ ਹਨ।
ਦੂਜੇ ਪਾਸੇ ਥਾਣਾ ਦਾਖਾ ਦੇ ਐਸਐਚਓ ਇੰਸਪੈਕਟਰ ਕੇਐਸ ਧਾਲੀਵਾਲ ਨੇ ਦੱਸਿਆ ਕਿ ਬਾਲਾਜੀ ਟ੍ਰੇਡਿੰਗ ਕੰਪਨੀ ਦੇ ਸੰਦੀਪ ਸ਼ਰਮਾ ਤੇ ਮਨੀਸ਼ ਗੋਦਾਰਾ ਨੇ ਪ੍ਰਾਜੈਕਟ ਤਹਿਤ ਸਮੱਗਰੀ ਸਪਲਾਈ ਕਰਨ ਦਾ ਠੇਕਾ ਲਿਆ ਸੀ। ਉਸ ਦਾ ਨਿਰਮਾਣ ਕੰਪਨੀ ਨਾਲ ਆਰਥਿਕ ਝਗੜਾ ਹੋ ਗਿਆ ਸੀ। ਇਸ ਕਾਰਨ ਉਹ ਕੁਝ ਸਾਥੀਆਂ ਨਾਲ ਕੰਪਨੀ ਦੇ ਦਫਤਰ ਪਹੁੰਚੇ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ।
ਪੁਲਿਸ ਨੇ ਮੁਕੇਸ਼ ਗੋਦਾਰਾ, ਸੰਦੀਪ ਸ਼ਰਮਾ ਤੇ ਅਣਪਛਾਤੇ ਲੋਕਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 126 (2) (ਗਲਤ ਤਰੀਕੇ ਨਾਲ ਰੋਕਣਾ), 351 (2) (ਅਪਰਾਧਿਕ ਧਮਕੀ), 79 (ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ) ਤੇ ਧਾਰਾ 191 (3) (ਦੰਗੇ ਭੜਕਾਉਣਾ, ਮਾਰੂ ਹਥਿਆਰਾਂ ਨਾਲ ਲੈਸ ਹੋਣਾ) ਤੇ 190 (ਇੱਕ ਸਾਂਝੇ ਮਕਸਦ ਵਿਰੁੱਧ ਗੈਰ-ਕਾਨੂੰਨੀ ਇਕੱਠ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।