Ludhiana News: ਬੇਰੁਜਗਾਰੀ ਦੇ ਦੌਰ ਵਿੱਚ ਨੌਕਰੀ ਦੇ ਨਾਂ ਉੱਪਰ ਠੱਗੀਆਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ’ਚ ਸਿਪਾਹੀ ਤੇ ਸਬ-ਇੰਸਪੈਕਟਰ ਭਰਤੀ ਕਰਵਾਉਣ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦਿੱਲੀ ਪੁਲਿਸ ਦੇ ਸਿਪਾਹੀ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ’ਚ ਤਿੰਨ ਮੁਲਜ਼ਮ ਹਾਲੇ ਫ਼ਰਾਰ ਹਨ। ਮੁਲਜ਼ਮ ਕੋਲੋਂ 4.02 ਲੱਖ ਦੀ ਨਕਦੀ ਬਰਾਮਦ ਹੋਈ ਹੈ।
ਪੁਲਿਸ ਨੇ ਮੁਲਜ਼ਮ ਨੂੰ ਸੂਹ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲਿਸ ਨੇ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਸਥਿਤ ਪਿੰਡ ਸਾਮੜੀ ਵਾਸੀ ਰੋਬਿਨ ਖ਼ਿਲਾਫ਼ ਧੋਖਾਧੜੀ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿਛ ਕਰ ਫ਼ਰਾਰ ਚੱਲ ਰਹੇ ਸੋਨੀਪਤ ਦੇ ਪਿੰਡ ਚਿਰਨਾਡਾ ਵਾਸੀ ਧਰਮਿੰਦਰ ਨਠਵਾਲ, ਰਾਜਸਥਾਨ ਦੇ ਹਨੂੰਮਾਨਗੜ੍ਹ ਸਥਿਤ ਪਿਮਡ ਫੇਫਾਣਾ ਵਾਸੀ ਆਸਾ ਰਾਮ ਸੋਨੀ ਤੇ ਸਰਸਾ ਸਥਿਤ ਸੈਨਿਕ ਕੈਰੀਅਰ ਅਕੈਡਮੀ ਦੇ ਮਹਾਂਬੀਰ ਉਰਫ਼ ਫੌਜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਰੋਬਿਨ ਨੂੰ ਅਦਾਲਤ ’ਚ ਪੇਸ਼ ਕਰ ਦੋ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Atta Dal Scheme : ਘਰ-ਘਰ ਆਟਾ-ਦਾਲ ਸਕੀਮ ਲਈ ਲੋਕਾਂ ਨੂੰ ਹੋਰ ਕਰਨਾ ਪਵੇਗਾ ਇੰਤਜ਼ਾਰ , ਭਗਵੰਤ ਮਾਨ ਸਰਕਾਰ ਨੇ ਵਾਪਸ ਲਈ ਸਕੀਮ
ਪੁਲਿਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਮ ’ਤੇ ਗੁਮਰਾਹ ਕਰਦਾ ਹੈ ਤੇ ਪੈਸੇ ਠੱਗਦੇ ਹਨ। ਇਸ ਸਮੇਂ ਵੀ ਰੋਬਿਨ ਪੈਸੇ ਲੈਣ ਲਈ ਸਮਰਾਲਾ ਚੌਕ ਕੋਲ ਖੜ੍ਹਾ ਹੈ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ’ਚੋਂ ਤਿੰਨ ਬੱਚਿਆਂ ਦੇ ਸਰਟੀਫਿਕੇਟ ਤੇ ਲੱਖਾਂ ਦੀ ਨਕਦੀ ਬਰਾਮਦ ਕੀਤੀ ਹੈ।
ਪੁਲਿਸ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਮਿਲ ਕੇ ਸਲਾਹ ਕਰਦੇ ਸਨ ਤੇ ਲੋਕਾਂ ਨੂੰ ਫਸਾਉਂਦੇ ਸਨ। ਮੁਲਜ਼ਮ ਜ਼ਿਆਦਾ ਅਕੈਡਮੀ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਉਹ ਬੱਚਿਆਂ ਨੂੰ ਬਹਿਲਾ ਫੁਸਲਾ ਕੇ ਪਰਿਵਾਰ ਵਾਲਿਆਂ ਤੋਂ ਲੱਖਾਂ ਰੁਪਏ ਹੜੱਪ ਲੈਂਦੇ ਸਨ। ਮੁਲਜ਼ਮ ਧਰਮਿੰਦਰ, ਆਸਾ ਰਾਮ ਤੇ ਮਹਾਂਵੀਰ ਲੋਕਾਂ ਤੋਂ ਪੈਸੇ ਲੈਣ ਮਗਰੋਂ ਆਪਣਾ ਹਿੱਸਾ ਰੱਖਦੇ ਤੇ ਬਾਕੀ ਦੇ ਪੈਸੇ ਰੋਬਿਨ ਨੂੰ ਦੇ ਦਿੰਦੇ ਸਨ। ਰੋਬਿਨ ਲੁਧਿਆਣਾ ਹੋਰ ਪੈਸੇ ਲੈਣ ਆਇਆ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ।