Crime: ਦੂਜੀ ਪਤਨੀ ਤੋਂ ਪਰੇਸ਼ਾਨ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਕੀਤੀ ਖਤਮ, ਜਾਣੋ ਪੂਰਾ ਮਾਮਲਾ
Ludhiana News: ਲੁਧਿਆਣਾ 'ਚ ਫੈਕਟਰੀ ਮਾਲਕ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
Ludhiana News: ਲੁਧਿਆਣਾ 'ਚ ਫੈਕਟਰੀ ਮਾਲਕ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫੈਕਟਰੀ ਮਾਲਕ ਦਲਜੀਤ ਸਿੰਘ ਆਪਣੀ ਦੂਜੀ ਪਤਨੀ ਪਰਮਜੀਤ ਕੌਰ ਤੇ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਤੋਂ ਤਣਾਅ ਵਿੱਚ ਰਹਿੰਦਾ ਸੀ। ਦਲਜੀਤ ਸਿੰਘ ਗੁਰੂ ਗਿਆਨ ਵਿਹਾਰ, ਜਵੱਦੀ ਵਿੱਚ ਆਪਣੇ ਘਰ ਰਹਿੰਦਾ ਸੀ।
ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਸ਼ਨੀਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਡੁਗਰੀ ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਉਸ ਦੀ ਦੂਜੀ ਪਤਨੀ ਅਤੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਦੋਸ਼ੀ ਦੀ ਪਛਾਣ ਹੋਣੀ ਬਾਕੀ ਹੈ।
ਸ਼ਿਕਾਇਤਕਰਤਾ ਦੀਪਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪਿਤਾ ਨੂੰ ਪੈਸਿਆਂ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਆਪਣੀ ਜਾਇਦਾਦ ਉਨ੍ਹਾਂ ਦੇ ਨਾਂ ਕਰਵਾਉਣ ਲਈ ਦਬਾਅ ਪਾ ਰਹੇ ਸਨ। ਉਸ ਦੇ ਪਿਤਾ ਨੇ ਅਪ੍ਰੈਲ ਵਿਚ ਉਸ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਸਨ। ਉਹ ਤਸੀਹੇ ਅਤੇ ਮਾਨਸਿਕ ਦਬਾਅ ਹੇਠ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਦੇ ਪਿਤਾ ਦਲਜੀਤ ਸਿੰਘ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਅਤੇ ਸਿਰ ਵਿੱਚ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰ ਉਥੇ ਪੁੱਜੇ ਤਾਂ ਉਸ ਨੂੰ ਫਰਸ਼ 'ਤੇ ਮਰਿਆ ਹੋਇਆ ਦੇਖ ਕੇ ਹੈਰਾਨ ਰਹਿ ਗਏ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਵਪਾਰੀ ਦੇ ਲੜਕੇ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸੰਗਰੂਰ ਦੀ ਔਰਤ ਪਰਮਜੀਤ ਕੌਰ ਨਾਲ ਦੂਜਾ ਵਿਆਹ ਕਰਵਾਇਆ ਸੀ ਅਤੇ ਉਸ ਨਾਲ ਰਹਿਣ ਲੱਗ ਪਿਆ ਸੀ। ਵਿਆਹ ਤੋਂ ਬਾਅਦ ਔਰਤ ਅਤੇ ਉਸਦੇ ਰਿਸ਼ਤੇਦਾਰ ਪੈਸੇ ਅਤੇ ਜਾਇਦਾਦ ਲਈ ਉਸਦੇ ਪਿਤਾ ਨੂੰ ਬਲੈਕਮੇਲ ਕਰਨ ਲੱਗ ਪਏ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਜਨਕਰਾਜ ਨੇ ਦੱਸਿਆ ਕਿ ਬੀਐਨਐਸ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣ) ਤਹਿਤ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਦਰਜ ਕਰਨ ਤੋਂ ਤੁਰੰਤ ਬਾਅਦ, ਪੁਲਿਸ ਨੇ ਉਸਦੀ ਪਤਨੀ ਅਤੇ ਦੋ ਹੋਰ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ। ਅਜੇ ਤੱਕ ਇਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।