Ludhiana news: ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਨਸ਼ਿਆਂ ਦਾ ਨੈੱਟਵਰਕ ਚੱਲਣ ਦੀ ਜਾਣਕਾਰੀ ਮਿਲੀ ਸੀ ਜਿਸ ਨੈੱਟਵਰਕ ਦਾ ਫਤਿਹਗੜ੍ਹ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁਲਿਸ ਨੇ 2 ਜੇਲ੍ਹ ਕੈਦੀਆਂ ਅਤੇ ਇੱਕ ਸਪਲਾਇਰ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਸਕਰਾਂ ਦੇ ਕਬਜ਼ੇ 'ਚੋਂ 5.31 ਲੱਖ ਫਾਰਮਾ ਓਪੀਔਡਜ਼ (ਗੋਲੀਆਂ-ਕੈਪਸੂਲ) ਬਰਾਮਦ ਕੀਤੇ ਗਏ ਹਨ।


ਮਾਮਲੇ ਸਬੰਧੀ ਡੀਆਈਜੀ ਨੇ ਦਿੱਤੀ ਜਾਣਕਾਰੀ


ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 23 ਜਨਵਰੀ 2023 ਨੂੰ ਫਤਿਹਗੜ੍ਹ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਸੰਨੀ ਕੁਮਾਰ ਨੂੰ ਕਾਬੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਸੰਨੀ ਕੁਮਾਰ ਨਾਂਅ ਦੇ ਵਿਅਕਤੀ ਕੋਲੋਂ 19,590 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਜਦੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਈ ਖੁਲਾਸੇ ਕੀਤੇ।


ਨਸ਼ੇ ਦਾ ਵਪਾਰ ਕਰਨ ਵਾਲੇ ਮਾਸਟਰਮਾਈਂਡ ਦਾ ਕੀਤਾ ਖੁਲਾਸਾ


ਜਦੋਂ ਪੁਲਿਸ ਨੇ ਮੁਲਜ਼ਮ ਸੰਨੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਜੇਲ੍ਹ ਵਿੱਚ ਬੰਦ ਨਸ਼ਾ ਤਸਕਰੀ ਦੇ ਮਾਸਟਰਮਾਈਂਡ ਈਸ਼ਾਨ ਗੁਪਤਾ ਅਤੇ ਰਵੀ ਕੁਮਾਰ ਦੇ ਨਾਵਾਂ ਦਾ ਖੁਲਾਸਾ ਕੀਤਾ। ਸੰਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਜੇਲ 'ਚ ਬੰਦ ਦੋਵਾਂ ਦੋਸ਼ੀਆਂ ਦੇ ਕਹਿਣ 'ਤੇ ਗਾਹਕਾਂ ਨੂੰ ਨਸ਼ੇ ਸਪਲਾਈ ਕਰਦਾ ਸੀ। ਦੋਵੇਂ ਬਦਮਾਸ਼ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਦੋਵੇਂ ਤਸਕਰ ਉਸ ਨਾਲ ਮੋਬਾਈਲ ਫ਼ੋਨ ਰਾਹੀਂ ਸੰਪਰਕ ਕਰਦੇ ਸਨ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।


ਦੋਵੇਂ ਦੋਸ਼ੀ ਪ੍ਰੋਡਕਸ਼ਨ ਵਾਰੰਟ ‘ਤੇ


ਫਤਿਹਗੜ੍ਹ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਲਿਆਂਦਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਸੈਮਸੰਗ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਇਸ ਫ਼ੋਨ ਰਾਹੀਂ ਬਦਮਾਸ਼ ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾਉਂਦੇ ਸਨ। DIG ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਰਣਜੀਤ ਰਿੰਕੂ ਵੱਲੋਂ ਸੰਨੀ ਨੂੰ ਫਾਰਮਾ ਡਰੱਗ ਸਪਲਾਈ ਕੀਤੀ ਸੀ ਅਤੇ ਉਸ ਨੂੰ ਸ਼ਨੀਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ।


ਇਹ ਵੀ ਪੜ੍ਹੋ: Gold Anklet: ਜੇਕਰ ਔਰਤਾਂ ਪੈਰਾਂ 'ਚ ਸੋਨੇ ਦੀ ਝਾਂਜਰਾਂ ਪਾਉਂਦੀਆਂ ਹਨ, ਤਾਂ ਨਾ ਕਰਨ ਅਜਿਹੀ ਗਲਤੀ, ਹੋਵੇਗਾ ਭਾਰੀ ਨੁਕਸਾਨ


ਸ਼ਿਮਲਾਪੁਰੀ ਇਲਾਕੇ 'ਚ ਕੀਤੀ ਛਾਪੇਮਾਰੀ


ਮੁਲਜ਼ਮ ਰਣਜੀਤ ਰਿੰਕੂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਇਲਾਕੇ ਵਿੱਚ ਸਥਿਤ ਗੋਦਾਮ ਨੂੰ ਸੀਲ ਕਰ ਦਿੱਤਾ। ਪੁਲਿਸ ਨੇ ਗੋਦਾਮ ਤੋਂ ਲੋਮੋਟਿਲ ਦੀਆਂ 3.60 ਲੱਖ ਗੋਲੀਆਂ ਅਤੇ ਟ੍ਰਾਮਾਡੋਲ ਦੀਆਂ 1.51 ਲੱਖ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਐਸਐਸਪੀ ਫਤਿਹਗੜ੍ਹ ਸਾਹਿਬ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਰਿੰਕੂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਮੁੱਖ ਸਪਲਾਇਰ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।