Ludhiana news: ਲੁਧਿਆਣਾ ਦੇ ਟਿੱਬਾ ਰੋਡ ‘ਤੇ ਸਥਿਤ ਜੈ ਸ਼ਕਤੀ ਨਗਰ ਵਿੱਚ ਦੋ ਧਿਰਾਂ ਵਿਚਾਲੇ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲੇ ਤੱਕ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਕਿ ਖੂਨੀ ਝੜਪ ਕਰਨ ਵਾਲੇ ਲੋਕ ਕਿਸ ਗੈਂਗ ਤੋਂ ਸਬੰਧ ਰੱਖਦੇ ਹਨ। ਦੱਸ ਦਈਏ ਕਿ ਇਨ੍ਹਾਂ ਬਦਮਾਸ਼ਾਂ ਨੇ ਇਲਾਕੇ ਵਿੱਚ ਸ਼ਰੇਆਮ ਇੱਟਾਂ-ਪੱਥਰ ਸੁੱਟੇ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਇਸ ਸਾਰੀ ਵਾਰਦਾਤ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।


ਪਹਿਲਾਂ ਨੌਜਵਾਨ ਲੜਾਈ ਦਾ ਤੈਅ ਕਰਦੇ ਸਮਾਂ, ਫਿਰ ਇਲਾਕੇ ਵਿੱਚ ਕਰਦੇ ਹੰਗਾਮਾ


ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪਤਾ ਲੱਗ ਸਕਿਆ ਹੈ ਕਿ ਇਹ ਸਾਰੀ ਘਟਨਾ 18 ਮਾਰਚ ਨੂੰ ਵਾਪਰੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਇਲਾਕਾ ਨਿਵਾਸੀ ਭੋਲਾ ਨੇ ਕਿਹਾ ਕਿ ਗੈਂਗਵਾਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਨੌਜਵਾਨ ਇੰਸਟਾਗ੍ਰਾਮ ‘ਤੇ ਇੱਕ-ਦੂਜੇ ਨਾਲ  ਲੜਾਈ ਕਰਨ ਦਾ ਪਹਿਲਾਂ  ਸਮਾਂ ਤੈਅ ਕਰਦੇ ਹਨ, ਜਿਸ ਤੋਂ ਬਾਅਦ ਇਲਾਕੇ ਵਿੱਚ ਰੱਜ ਦੇ ਹੰਗਾਮਾ ਕਰਦੇ ਹਨ। ਇਨ੍ਹਾਂ ਦੇ ਇਸ ਹੰਗਾਮੇ ਕਰਕੇ ਇਲਾਕੇ ਦੇ  ਲੋਕ ਕਾਫੀ ਪਰੇਸ਼ਾਨ ਹਨ। ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: Lok Sabha Election 2024: ਪੰਜਾਬ ਦੇ ਸਾਰੇ ਪੁਲਿਸ ਅਧਿਕਾਰੀ/ਕਰਮਚਾਰੀ ਚੋਣ ਕਮਿਸ਼ਨ ਦੇ ਡੈਪੂਟੇਸ਼ਨ 'ਤੇ


ਪੁਲਿਸ ਨੇ ਮਾਮਲੇ ਦੀ ਜਾਂਚ ਕਰ ਦਿੱਤੀ ਸ਼ੁਰੂ


ਇਸ ਦੇ ਨਾਲ ਭੋਲਾ ਨੇ ਦੱਸਿਆ ਕਿ ਜਦੋਂ ਬਦਮਾਸ਼ਾਂ ਨੇ ਇਟਾਂ-ਰੋੜੇ ਚਲਾਏ ਤਾਂ ਲੋਕ ਘਰਾਂ ਦੇ ਅੰਦਰ ਵੜ ਗਏ। ਉੱਥੇ ਹੀ ਦੋਹਾਂ ਧਿਰਾਂ ਦੇ ਨੌਜਵਾਨ ਇਲਾਕੇ ਵਿੱਚ ਤੇਜ਼ਧਾਰ ਹਥਿਆਰ ਸੁੱਟ ਕੇ ਫਰਾਰ ਹੋ ਗਏ। ਇਸ ਝੜਪ ਵਿੱਚ ਦੋਹਾਂ ਧਿਰਾਂ ਦੇ 3-4 ਲੋਕ ਜ਼ਖ਼ਮੀ ਹੋ ਗਏ। ਪਰ ਹਾਲੇ ਤੱਕ ਦੋਹਾਂ ਧਿਰਾਂ ਵਿਚੋਂ ਕਿਸੇ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ। ਉੱਥੇ ਹੀ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਪੁਲਿਸ ਜਾਣਕਾਰੀ ਮਿਲਣ ਤੋਂ ਕਰੀਬ ਡੇਢ ਘੰਟੇ ਬਾਅਦ ਇਲਾਕੇ ਵਿੱਚ ਪਹੁੰਚੀ, ਉਦੋਂ ਤੱਕ ਬਦਮਾਸ਼ ਉੱਥੋਂ ਫਰਾਰ ਹੋ ਗਏ ਸਨ। ਹੁਣ ਥਾਣਾ ਟਿੱਬਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ: ਬੀਜੇਪੀ 'ਚ ਸ਼ਾਮਲ ਹੋਏ ਤਰਨਜੀਤ ਸੰਧੂ ਨੂੰ ਖਾਲਿਸਤਾਨੀਆਂ ਵੱਲੋਂ ਧਮਕੀ, 25 ਲੱਖ ਦਾ ਰੱਖਿਆ ਇਨਾਮ