ਨਵਾਂਸ਼ਹਿਰ  : ਜ਼ਿਲ੍ਹੇ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੇ ਲਈ ਸਰਕਾਰ ਵੱਲੋਂ ਐਡਵਾਂਸ ਦੇ ਤੌਰ ’ਤੇ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਲੋੜ ਪੈਣ ’ਤੇੇ ਜ਼ਰੂਰਤ ਅਨੁਸਾਰ ਇਹ ਰਾਸ਼ੀ ਵਧਾਈ ਵੀ ਜਾ ਸਕਦੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਰਾਸ਼ੀ ਨਾਲ ਮੀਂਹ ਕਾਰਨ ਪ੍ਰਭਾਵਿਤ ਖੇਤਰਾਂ ਦੇ ਰਾਹਤ ਕਾਰਜਾਂ ਲਈ ਵਰਤੀ ਜਾਵੇਗੀ ਅਤੇ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ।


ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਮੀਣਾ ਵੱਲੋਂ ਮੰਗਲਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਲਾਲੇ ਵਾਲ, ਮਿਰਜ਼ਾਪੁਰ, ਸਿਬੂ ਤਲਵੰਡੀ ਅਤੇ ਦਰੀਆਪੁਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਪਾਣੀ ਦੇ ਨਾਲ ਇਨ੍ਹਾਂ ਪਿੰਡਾਂ ਦੇ ਬਾਹਰ ਪਾਣੀ ਇਕੱਠਾ ਹੋ ਗਿਆ ਹੈ। ਪਿੰਡ ਵਾਸੀਆਂ ਵੱਲੋਂ ਬੰਨ੍ਹ ਬਣਾ ਕੇ ਵੀ ਰਾਹਤ ਕਾਰਜ ਕੀਤੇ ਗਏ ਹਨ।


 ਇਸ ਪਾਣੀ ਦੇ ਨਿਕਾਸੀ ਦੇ ਲਈ ਸਤਲੁਜ ਦਰਿਆ ਰਾਹੀਂ ਪਾਣੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲਾਲੇ ਵਾਲਾ ਵਿਖੇ ਜ਼ਿਆਦਾ ਪਾਣੀ ਹੋਣ ਕਰਕੇ ਇਕ ਬਨ ਵੀ ਟੁੱਟ ਗਿਆ ਸੀ। ਇਸ ਜਗ੍ਹਾਂ ਤੋਂ ਪਾਣੀ ਨੂੰ ਕੱਢਣ ਦੇ ਲਈ ਮਾਈਨਿੰਗ ਵਿਭਾਗ ਵੱਲੋਂ ਸਤਲੁਜ ਦਰਿਆ ਨੂੰ ਜਾਂਦੀਆਂ ਪਾਈਪਾਂ ਜੋ ਕਿ ਕੁਝ ਫ਼ਸਣ ਕਾਰਨ ਬੰਦ ਹੋ ਗਈਆਂ ਸਨ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਛੇਤੀ ਹੀ ਇਸ ਜਗ੍ਹਾਂ ਤੋਂ ਇਕੱਠਾ ਹੋਇਆ ਪਾਣੀ ਦਰਿਆ ਰਾਹੀਂ ਬਾਹਰ ਨਿਕਲ ਜਾਵੇਗਾ।


 ਉਨ੍ਹਾਂ ਨੇ ਮੌਕੇ ’ਤੇ ਮੌਜੂਦ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਜੇਕਰ ਹੋਰ ਕਿਸੇ ਤਰ੍ਹਾਂ ਦੇ ਬੰਨ੍ਹ ਬਣਾਉਣ ਜਾਂ ਮਜਬੂਤ ਕਰਨ ਦੀ ਜ਼ਰੂਰਤ ਹੈ ਤਾਂ ਬਣਾ ਲੈਣ। ਇਸ ਸਬੰਧੀ ਜੋ ਵੀ ਖਰਚ ਆਵੇਗਾ ਉਸਦੀ ਅਦਾਇਗੀ ਸਰਕਾਰ ਵੱਲੋਂ ਕਰ ਦਿੱਤੀ ਜਾਵੇਗੀ।


ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਗੜ੍ਹਸ਼ੰਕਰ ਬਾਈਪਾਸ ਚੌਂਕ, ਸਿਵਲ ਹਸਪਤਾਲ ਰੋਡ, ਪਿੰਡ ਕਾਠਗੜ, ਬਲਾਚੌਰ, ਜਾਡਲਾ ਅਤੇ  ਸਨਾਵਾ ਦੇ ਨੀਵੇਂ ਇਲਾਕਿਆਂ ਵਿੱਚੋਂ ਵੀ ਪਾਣੀ ਦੀ ਨਿਕਾਸੀ ਹੋਲੀ- ਹੋਲੀ ਹੋ ਰਹੀ ਹੈ।  ਜਿਹੜੀਆਂ ਵੀ ਥਾਵਾਂ ’ਤੇ ਪਾਣੀ ਥੱਲੇ ਜਿਆਦਾ ਹੈ ਦੀ ਨਿਕਾਸੀ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।