Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ 10 ਵਜੇ ਵਕੀਲ ਤੇ ਪੁਲਿਸ ਮੁਲਾਜ਼ਮ ਵਿਚਾਲੇ ਜਬਰਦਸਤ ਝੜਪ ਹੋ ਗਈ। ਦੋਵਾਂ ਨੇ ਇੱਕ-ਦੂਜੇ ਉੱਪਰ ਖੂਬ ਲੱਤਾਂ ਤੇ ਮੁੱਕੇ ਵਰ੍ਹਾਏ। ਇੱਥੋਂ ਤੱਕ ਕਿ ਇੱਕ ਦੂਜੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਇੰਨਾ ਹੀ ਨਹੀਂ ਪੁਲਿਸ ਮੁਲਾਜ਼ਮ ਨੇ ਵਕੀਲ ਦੀ ਪੱਗ ਲਾਹ ਦਿੱਤੀ ਤੇ ਵਾਲਾਂ ਤੋਂ ਖਿੱਚ ਕੇ ਐਮਰਜੈਂਸੀ ਰੂਮ ਵਿੱਚ ਲੈ ਗਿਆ।
ਇਸ ਨਾਲ ਹਸਪਤਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਐਮਰਜੈਂਸੀ ਵਿੱਚ ਦਾਖ਼ਲ ਮਰੀਜ਼ ਇਧਰ-ਉਧਰ ਭੱਜਣ ਲੱਗੇ। ਮਾਮਲਾ ਵਧਦਾ ਦੇਖ ਕੇ ਐਮਰਜੈਂਸੀ ਗਾਰਡ ਨੇ ਤੁਰੰਤ ਮੁੱਖ ਗੇਟ ਬੰਦ ਕਰ ਦਿੱਤਾ। ਇਸ ਹੰਗਾਮੇ ਕਾਰਨ ਡਾਕਟਰ ਵੀ ਸਹਿਮ ਗਏ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਐਮਰਜੈਂਸੀ ਵਿੱਚ ਵਿਘਨ ਪਿਆ ਰਿਹਾ।
ਉਧਰ, ਲੋਕਾਂ ਨੇ ਪੁਲਿਸ ਮੁਲਾਜ਼ਮ ਤੇ ਵਕੀਲ ਵਿਚਾਲੇ ਹੋਈ ਝੜਪ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਸਬੰਧੀ ਸੂਚਨਾ ਮਿਲਣ ’ਤੇ ਚੌਕੀ ਸਿਵਲ ਹਸਪਤਾਲ ਦੀ ਪੁਲਿਸ ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਏਸੀਪੀ ਸੁਖਨਾਜ਼ ਸਿੰਘ ਵੀ ਮੌਕੇ ’ਤੇ ਪੁੱਜੇ।
ਇਸ ਤੋਂ ਬਾਅਦ ਵਕੀਲ ਸੁਖਵਿੰਦਰ ਸਿੰਘ ਨੂੰ ਪੁਲਿਸ ਗੱਡੀ ਵਿੱਚ ਬੈਠਾ ਕੇ ਥਾਣਾ ਡਵੀਜ਼ਨ ਨੰਬਰ 2 ਵਿੱਚ ਲੈ ਗਈ। ਇਸ ਦੌਰਾਨ ਕਈ ਵਕੀਲ ਥਾਣੇ ਵਿੱਚ ਇਕੱਠੇ ਹੋ ਗਏ। ਵਕੀਲਾਂ ਨੇ ਐਸਐਚਓ ਅੰਮ੍ਰਿਤਪਾਲ ਸ਼ਰਮਾ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ। ਪੁਲਿਸ ਨੇ ਰਾਤ 12 ਵਜੇ ਸੁਖਵਿੰਦਰ ਸਿੰਘ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ।
ਐਡਵੋਕੇਟ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਮੁਨਸ਼ੀ ਪ੍ਰੇਮ ਸਿੰਘ ਨਾਲ ਸਿਵਲ ਹਸਪਤਾਲ ਆਇਆ ਸੀ। ਪ੍ਰੇਮ ਸਿੰਘ ਦਾ ਆਪਣੇ ਪਰਿਵਾਰ ਨਾਲ ਕੁਝ ਪਰਿਵਾਰਕ ਝਗੜਾ ਚੱਲ ਰਿਹਾ ਹੈ। ਉਸ 'ਤੇ ਹਮਲਾ ਹੋਇਆ ਸੀ। ਡਾਕਟਰ ਉਸ ਦਾ ਮੈਡੀਕਲ ਕਰ ਰਿਹਾ ਸੀ। ਇਸ ਦੌਰਾਨ ਇੱਕ ਏਐਸਆਈ ਅਪਰਾਧੀ ਨਾਲ ਡਾਕਟਰ ਦੇ ਕਮਰੇ ਵਿੱਚ ਦਾਖਲ ਹੋਣ ਲੱਗਾ। ਉਸ ਅਫਸਰੀ ਦਾ ਰੋਅਬ ਦਿਖਾਉਂਦੇ ਹੋਏ ਉਨ੍ਹਾਂ ਨੂੰ ਪਹਿਲਾਂ ਅਪਰਾਧੀ ਦਾ ਮੈਡੀਕਲ ਕਰਵਾਉਣ ਲਈ ਕਹਿਣ ਲੱਗਾ। ਇਸ ਗੱਲ਼ ਨੂੰ ਲੈ ਕੇ ਝਗੜਾ ਹੋ ਗਿਆ।
ਭਾਟੀਆ ਨੇ ਦੱਸਿਆ ਕਿ ਏਐਸਆਈ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਕੁੱਟਮਾਰ ਕੀਤੀ। ਉਹ ਇਸ ਮਾਮਲੇ ਸਬੰਧੀ ਵਕੀਲ ਭਾਈਚਾਰੇ ਕੋਲ ਜਾਣਗੇ। ਇਸ ਮੁੱਦੇ ਨੂੰ ਬਾਰ ਕੌਂਸਲ ਵਿੱਚ ਉਠਾਉਣਗੇ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ।