Punjab News: ਲੁਧਿਆਣਾ ਵਿੱਚ ਸ਼ਨੀਵਾਰ ਦੇਰ ਰਾਤ ਆਈ ਹਨ੍ਹੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਢਹਿ ਗਿਆ ਜਿਸ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ 15 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਸਾਰਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਪੁਲਿਸ ਨੇ ਜਾਗਰਣ ਵਿੱਚ ਗਾਉਣ ਵਾਲੀ ਮਹਿਲਾ ਗਾਇਕਾ ਤੇ ਜਾਗਰਣ ਪਾਰਟੀ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਜਾਗਰਣ ਦਾ ਸਾਰਾ ਸਮਾਨ ਵੀ ਜ਼ਬਤ ਕਰ ਲਿਆ ਗਿਆ ਹੈ। ਮ੍ਰਿਤਕ ਔਰਤਾਂ ਵਿੱਚ ਰਿਸ਼ੀ ਨਗਰ ਲੁਧਿਆਣਾ ਦੀ ਰਹਿਣ ਵਾਲੀ ਰਜਨੀ ਅਤੇ ਦਵਾਰਕਾ ਐਨਕਲੇਵ ਦੀ ਰਹਿਣ ਵਾਲੀ ਸੁਨੀਤਾ ਸ਼ਾਮਲ ਹਨ।
ਦੱਸ ਦਈਏ ਕਿ ਇਹ ਹਾਦਸਾ ਲੁਧਿਆਣਾ ਦੇ ਹੰਬਾਡਾ ਰੋਡ 'ਤੇ ਸਥਿਤ ਸ਼੍ਰੀ ਗੋਵਿੰਦ ਗੋਧਾਮ ਮੰਦਰ ਨੇੜੇ ਵਾਪਰਿਆ। ਇੱਥੇ ਦਵਾਰਕਾ ਐਨਕਲੇਵ 'ਚ ਰਹਿੰਦੇ ਲੋਕਾਂ ਵੱਲੋਂ ਮੰਦਰ ਦੇ ਪਿੱਛੇ ਖਾਲੀ ਪਈ ਗਰਾਊਂਡ ਵਿੱਚ ਦੇਵੀ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਗਾਇਕਾ ਪੱਲਵੀ ਰਾਵਤ ਨੂੰ ਬੁਲਾਇਆ ਗਿਆ।
ਸ਼ਨੀਵਾਰ ਰਾਤ ਨੂੰ ਇੱਥੇ ਹਰ ਕੋਈ ਨੱਚ ਤੇ ਗਾ ਰਿਹਾ ਸੀ। ਗਾਇਕਾ ਪੱਲਵੀ ਰਾਵਤ ਭੇਟਾ ਗਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਤੇਜ਼ ਹਨ੍ਹੇਰੀ ਆਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਹਨ੍ਹੇਰੀ ਤੋਂ ਬਾਅਦ ਜਦੋਂ ਲੋਕ ਉੱਠ ਕੇ ਚਲੇ ਗਏ ਤਾਂ ਗਾਇਕ ਅਤੇ ਜਾਗਰਣ ਪਾਰਟੀ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ। ਕਿਹਾ ਕੁਝ ਨਹੀਂ ਹੋਵੇਗਾ। ਬੈਠੇ ਰਹੋ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਰੇ ਬੱਚੇ ਅਤੇ ਔਰਤਾਂ ਪਿੱਛੇ ਬੈਠ ਗਏ।
ਕੁਝ ਸਮੇਂ ਬਾਅਦ ਹਵਾ ਤੇਜ਼ ਹੋ ਗਈ ਤੇ ਜਾਗਰਣ ਪਾਰਟੀ ਵੱਲੋਂ ਲਾਇਆ ਗਿਆ ਪੰਡਾਲ ਢਹਿ ਗਿਆ। ਇਸ ਦੌਰਾਨ ਸਾਹਮਣੇ ਬੈਠੇ ਲੋਕ ਉਸ ਦੇ ਹੇਠਾਂ ਦੱਬ ਗਏ। ਢਾਂਚਾ ਲੋਹੇ ਦਾ ਬਣਿਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਮੌਕੇ 'ਤੇ ਮੌਜੂਦ ਲੋਕਾਂ ਨੇ ਇਮਾਰਤ ਦੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਪੂਰੀ ਘਟਨਾ 'ਚ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 15 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।