Punjab News: ਪੁਰਤਗਾਲ ਵਿਖੇ ਖੇਡੀ ਗਈ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਮੋਗਾ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਤਮਗਾ ਜਿੱਤਣ ਉਪਰੰਤ ਅੱਜ ਜ਼ਿਲ੍ਹਾ ਮੋਗਾ ਪਹੁੰਚਣ ਉੱਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਪ੍ਰੇਮੀਆਂ ਵੱਲੋਂ ਖੁਸ਼ਪ੍ਰੀਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 


ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਦੀਪਕ ਅਰੋੜਾ, ਮੇਅਰ ਨਗਰ ਨਿਗਮ ਮੋਗਾ ਬਲਜੀਤ ਸਿੰਘ ਚਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਖਿਡਾਰਨ ਦੇ ਪਰਿਵਾਰ ਵਾਲੇ ਹਾਜ਼ਰ ਸਨ। 


ਦੱਸਣਯੋਗ ਹੈ ਕਿ ਖੁਸ਼ਪ੍ਰੀਤ ਨੇ ਅੰਡਰ 50 ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਆਪਣੇ ਆਖਰੀ ਮੁਕਾਬਲੇ ਵਿੱਚ ਅਰਜਨਟੀਨਾ ਦੀ ਸਾਬਕਾ ਵਿਸ਼ਵ ਚੈਂਪੀਅਨ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸਨੇ ਤਜ਼ਾਕਿਸਤਾਨ, ਸਲਵੇਨੀਆ ਅਤੇ ਤੁਰਕੀ ਦੀਆਂ ਖਿਡਾਰਨਾਂ ਨੂੰ ਹਰਾਇਆ। ਚੈਂਪੀਅਨਸ਼ਿਪ ਵਿੱਚ 102 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਭਾਰਤ ਵੱਲੋਂ ਖੇਡਣ ਗਏ 45 ਖਿਡਾਰੀਆਂ ਵੱਲੋਂ ਇਕੱਲੀ ਖੁਸ਼ਪ੍ਰੀਤ ਨੇ ਇਕਮਾਤਰ ਤਮਗਾ ਜਿੱਤਿਆ। 19 ਸਾਲ ਉਮਰ ਦੀ ਖੁਸ਼ਪ੍ਰੀਤ ਇਸ ਚੈਂਪੀਅਨਸ਼ਿਪ ਵਿੱਚ ਸਭ ਤੋਂ ਛੋਟੀ ਖਿਡਾਰਨ ਵਜੋਂ ਭਾਗ ਲੈਣ ਵਾਲੀ ਖਿਡਾਰਨ ਦਾ ਮਾਣ ਵੀ ਹਾਸਿਲ ਕੀਤਾ। 


ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਖੁਸ਼ਪ੍ਰੀਤ ਨੂੰ ਜਿੱਤ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਉਮੀਦ ਪ੍ਰਗਟਾਈ ਕਿ ਇਹ ਖਿਡਾਰਨ ਹੋਰਨਾਂ ਖਿਡਾਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣੇਗੀ। ਉਹਨਾਂ ਨੇ ਹੁਣ ਤੱਕ ਖੁਸ਼ਪ੍ਰੀਤ ਨੂੰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਖਾਤੇ ਵਿੱਚੋਂ ਪਹਿਲਾਂ 75 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਸੀ। 


ਉਹਨਾਂ ਅੱਜ ਵੀ 21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਸਦੀ ਹਰ ਸੰਭਵ ਮਦਦ ਕੀਤੀ ਜਾਏਗੀ। ਇਸ ਮੌਕੇ ਖੁਸ਼ਪ੍ਰੀਤ ਨੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਦਿੱਤੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ। 


ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਖੁਰਦ (ਨੇੜੇ ਨਿਹਾਲ ਸਿੰਘ ਵਾਲਾ) ਦੀ ਖਿਡਾਰਨ ਖੁਸ਼ਪ੍ਰੀਤ ਕੌਰ ਕੋਲ ਅੰਤਰਰਾਸ਼ਟਰੀ ਖੇਡ ਮੁਕਾਬਲੇ ਦਾ ਸਾਹਮਣਾ ਕਰਨ ਦੀ ਹੌਂਸਲਾ ਸ਼ਕਤੀ ਤਾਂ ਬਹੁਤ ਹੈ ਪਰ ਕਿਤੇ ਨਾ ਕਿਤੇ ਉਸਦੇ ਆਰਥਿਕ ਪੱਖ ਉਸਦੇ ਵੱਡੀ ਉਡਾਰੀ ਮਾਰਨ ਰਾਹ ਵਿੱਚ ਅੜਿੱਕਾ ਬਣਦੇ ਸਨ। ਜਦੋਂ ਇਹ ਖਿਡਾਰਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਧਿਆਨ ਵਿੱਚ ਆਈ ਤਾਂ ਉਹਨਾਂ ਨੇ ਇਸ ਹੋਣਹਾਰ ਖਿਡਾਰਨ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿਲ੍ਹਾ ਮੋਗਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਸੀ।


ਖੁਸ਼ਪ੍ਰੀਤ ਦੇ ਪਿਤਾ ਜਗਸੀਰ ਸਿੰਘ, ਜੌ ਕਿ ਖੁਦ ਵੀ 1991 ਤੋਂ 1997 ਤੱਕ ਬਾਕਸਿੰਗ ਖੇਡਦੇ ਰਹੇ ਹਨ, ਨੇ ਦੱਸਿਆ ਕਿ ਆਰਥਿਕ ਪੱਖੋਂ ਕਿਸੇ ਪਾਸੇ ਤੋਂ ਕੋਈ ਵੀ ਸਹਾਇਤਾ ਨਾ ਮਿਲਣ ਕਰਕੇ ਉਹ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਨੂੰ ਖਿਡਾਉਣ ਦੇ ਅਸਮਰੱਥ ਸਨ ਪਰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਿਲੀ ਹੱਲਾਸ਼ੇਰੀ ਨਾਲ ਖੁਸ਼ਪ੍ਰੀਤ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ।