Ludhiana News: ਖੰਨਾ ਪੁਲਿਸ ਜ਼ਿਲ੍ਹੇ ਦੇ ਪਾਇਲ ਥਾਣਾ ਅਧੀਨ ਪੈਂਦੇ ਪਿੰਡ ਸ਼ਾਹਪੁਰ 'ਚ ਬੁੱਧਵਾਰ ਦੇਰ ਰਾਤ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਡਰਾਈਵਰ ਨੇ ਇੰਜਣ 'ਚੋਂ ਧੂੰਆਂ ਨਿਕਲਦਾ ਦੇਖ ਕੇ ਕਾਰ ਰੋਕ ਲਈ ਤੇ ਖੁਦ ਵੀ ਬਾਹਰ ਨਿਕਲ ਗਿਆ। ਫਿਰ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕੀਤੀ ਗਈ। ਇਸ ਮਗਰੋਂ ਲੋਕ ਇਕੱਠੇ ਹੋ ਗਏ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਕਾਰਨ ਆਸ-ਪਾਸ ਖੜ੍ਹੀ ਸੈਂਕੜੇ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋਣ ਤੋਂ ਬਚ ਗਈ।
ਹਾਸਲ ਜਾਣਕਾਰੀ ਮੁਤਾਬਕ ਸਕੋਡਾ ਕਾਰ ਨੂੰ ਮਨਦੀਪ ਸ਼ਰਮਾ ਵਾਸੀ ਘੁਡਾਣੀ ਚਲਾ ਰਿਹਾ ਸੀ। ਉਹ ਮੈਕਡੋਨਲਡ ਤੋਂ ਆਪਣੇ ਪਿੰਡ ਜਾ ਰਿਹਾ ਸੀ। ਮਨਦੀਪ ਸ਼ਰਮਾ ਨੇ ਜਦੋਂ ਸ਼ਾਹਪੁਰ ਪਿੰਡ ਦੀ ਸੜਕ ’ਤੇ ਇੰਜਣ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਕਾਰ ਰੋਕ ਦਿੱਤੀ। ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਨੇ ਹਿੰਮਤ ਦਿਖਾ ਕੇ ਅੱਗ ਬੁਝਾਈ।
ਹਾਸਲ ਜਾਣਕਾਰੀ ਮੁਤਾਬਕ ਜਿੱਥੇ ਕਾਰ ਨੂੰ ਅੱਗ ਲੱਗੀ, ਉੱਥੇ ਸੜਕ ਦੇ ਦੋਵੇਂ ਪਾਸੇ ਕਣਕ ਦੀ ਪੱਕੀ ਫ਼ਸਲ ਖੜ੍ਹੀ ਹੈ। ਜੇਕਰ ਇੱਕ ਵੀ ਚੰਗਿਆੜੀ ਫ਼ਸਲ ਤੱਕ ਪਹੁੰਚ ਜਾਂਦੀ ਤਾਂ ਕਈ ਏਕੜ ਫ਼ਸਲ ਸੜ ਕੇ ਸੁਆਹ ਹੋ ਜਾਣੀ ਸੀ। ਅੱਗ ਪਿੰਡ ਦੇ ਰਿਹਾਇਸ਼ੀ ਖੇਤਰ ਤੱਕ ਵੀ ਪਹੁੰਚ ਸਕਦੀ ਸੀ। ਸੂਚਨਾ ਮਿਲਣ ’ਤੇ ਐਸਐਚਓ ਸਤਨਾਮ ਸਿੰਘ ਵੀ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਈ।