Ludhiana News: ਜਲੰਧਰ-ਲੁਧਿਆਣਾ ਹਾਈਵੇਅ 'ਤੇ ਸਫਰ ਕਰਨ ਵਾਲੀ ਯਾਤਰੀਆਂ ਦੀ ਅੱਜ ਖੱਜਲ-ਖੁਆਰੀ ਹੋ ਸਕਦੀ ਹੈ। ਜਲੰਧਰ-ਲੁਧਿਆਣਾ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਅੱਜ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹ ਐਲਾਨ ਯੂਨੀਅਨ ਨੇ ਕੀਤਾ ਹੈ। ਇਸ ਮਗਰੋਂ ਪੁਲਿਸ ਵੀ ਅਲਰਟ ਮੋਡ ਉਪਰ ਹੈ। ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।



ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਜਲੰਧਰ-ਲੁਧਿਆਣਾ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਨੂੰ ਟਰੱਕ ਯੂਨੀਅਨ ਵੱਲੋਂ ਅੱਜ ਯਾਨੀ ਵੀਰਵਾਰ ਨੂੰ ਬੰਦ ਰੱਖਿਆ ਜਾਵੇਗਾ। ਆਪਣੀਆਂ ਹੱਕੀ ਮੰਗਾਂ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਬੁੱਧਵਾਰ ਨੂੰ ਟਰੱਕ ਯੂਨੀਅਨ ਤੇ ਪੰਜ ਮਜ਼ਦੂਰ ਯੂਨੀਅਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਸੀ। ਇਸ ਮੁਤਾਬਕ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਲਾਡੋਵਾਲ ਟੋਲ ਪਲਾਜ਼ਾ ’ਤੇ ਆਵਾਜਾਈ ਠੱਪ ਰਹੇਗੀ।


ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਹੈ ਕਿ ਸਰਕਾਰ ਸਿਰਫ਼ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰ ਰਹੀ ਹੈ, ਪਰ ਹੁਣ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ ਤੇ ਧਰਨਾ ਵੀ ਦੇਣਗੇ। ਆਲ ਇੰਡੀਆ ਟਰੱਕ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਾਂ ਪਰ ਕੋਈ ਸਿੱਟਾ ਨਹੀਂ ਨਿਕਲਿਆ।


ਉਨ੍ਹਾਂ ਨੇ ਕਿਹਾ ਕਿ ਹੁਣ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਅਣਮਿੱਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਮੈਡੀਕਲ ਸਹੂਲਤਾਂ ਨੂੰ ਛੱਡ ਕੇ ਉਹ ਕਿਸੇ ਹੋਰ ਵਾਹਨ ਨੂੰ ਟੋਲ ਪਲਾਜ਼ਾ ਤੋਂ ਲੰਘਣ ਨਹੀਂ ਦੇਣਗੇ। ਸੰਧੂ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਟਰੱਕਾਂ 'ਤੇ ਟੈਕਸ ਮੁਆਫ ਕੀਤਾ ਗਿਆ ਸੀ, ਇਸ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।