Ludhiana News : ਲੁਧਿਆਣਾ ਵਿੱਚੋਂ ਬੀਤੇ ਦਿਨੀਂ 20 ਕਿੱਲੋ ਹੈਰੋਇਨ ਬਰਾਮਦ ਹੋਣ ਮਗਰੋਂ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਇਸ ਵਿੱਚ ਕੌਮਾਂਤਰੀ ਪੱਧਰ ’ਤੇ ਪੈਸੇ ਦਾ ਲੈਣ-ਦੇਣ ਹੋਇਆ ਸੀ। ਇਸ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਵੱਲੋਂ ਸ਼ਨੀਵਾਰ ਦੇਰ ਸ਼ਾਮ ਇੱਕ ਵਾਰ ਫਿਰ ਸਨਅਤੀ ਸ਼ਹਿਰ ਵਿੱਚ ਛਾਪਾ ਮਾਰਿਆ ਗਿਆ। ਐਨਸੀਬੀ ਦੀ ਟੀਮ ਨੇ ਗੁੜ ਮੰਡੀ ਸਥਿਤ ਮਨੀ ਐਕਸਚੇਂਜਰ ਸੰਜੈ ਤਾਂਗੜੀ ਦੀ ਦੁਕਾਨ ’ਤੇ ਛਾਪਾ ਮਾਰਿਆ।
ਦੱਸ ਦਈਏ ਕਿ ਐਨਸੀਬੀ ਨੇ ਬੀਤੇ ਦਿਨੀਂ ਇੱਥੇ ਦੁਗਰੀ ਨੇੜਿਓਂ ਸੰਦੀਪ ਸਿੰਘ ਨਾਂ ਦੇ ਨੌਜਵਾਨ ਨੂੰ 20 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਬਿਊਰੋ ਨੂੰ ਸੂਚਨਾ ਮਿਲੀ ਸੀ ਕਿ ਹੈਰੋਇਨ ਵਾਲੇ ਮਾਮਲੇ ਵਿੱਚ ਇਸ ਥਾਂ ਤੋਂ ਕੌਮਾਂਤਰੀ ਪੱਧਰ ’ਤੇ ਪੈਸੇ ਦਾ ਲੈਣ-ਦੇਣ ਹੋਇਆ ਹੈ। ਸੂਤਰ ਦੱਸਦੇ ਹਨ ਕਿ ਛਾਪੇ ਦੌਰਾਨ ਦੁਕਾਨ ’ਚੋਂ ਐਨਸੀਬੀ ਦੀ ਟੀਮ ਨੂੰ ਲੱਖਾਂ ਰੁਪਏ ਤੇ ਵਿਦੇਸ਼ੀ ਕਰੰਸੀ ਵੀ ਮਿਲੀ ਹੈ। ਹਾਲਾਂਕਿ, ਐਨਸੀਬੀ ਦੇ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ।
ਐਨਸੀਬੀ ਦੀ ਟੀਮ ਜਿਵੇਂ ਹੀ ਗੁੜ ਮੰਡੀ ਪੁੱਜੀ ਤਾਂ ਉੱਥੇ ਹਫੜਾ-ਦਫੜੀ ਮੱਚ ਗਈ। ਸਥਾਨਕ ਪੁਲਿਸ ਐਨਸੀਬੀ ਦੀ ਟੀਮ ਦੇ ਨਾਲ ਨਾ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਬਣ ਗਈ। ਲੋਕਾਂ ਨੂੰ ਲੱਗਿਆ ਕਿ ਦਿੱਲੀ ਤੋਂ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ ਹੈ ਪਰ ਐਨਸੀਬੀ ਦੀ ਟੀਮ ਦੇ ਮੈਂਬਰ ਸਿੱਧਾ ਸੰਜੈ ਤਾਂਗੜੀ ਦੀ ਦੁਕਾਨ ’ਚ ਪੁੱਜੇ ਤੇ ਬਾਅਦ ’ਚ ਪੁਲਿਸ ਨੂੰ ਸੂਚਨਾ ਦਿੱਤੀ। ਉਪਰੰਤ ਮੌਕੇ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਪੁੱਜ ਗਏ।
ਐਨਸੀਬੀ ਦੀ ਟੀਮ ਨੇ ਇੱਥੇ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਕੰਪਿਊਟਰ, ਲੈਪਟਾਪ ਤੇ ਦੁਕਾਨ ਮਾਲਕ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਗਈ। ਰਾਤ 9.30 ਵਜੇ ਤੱਕ ਟੀਮ ਦੇ ਮੈਂਬਰ ਦੁਕਾਨ ’ਚ ਜਾਂਚ ਕਰਦੇ ਰਹੇ। ਇਸ ਦੌਰਾਨ ਐਨਸੀਬੀ ਦੇ ਅਧਿਕਾਰੀਆਂ ਨੇ ਸਿਰਫ਼ ਐਨਾ ਹੀ ਕਿਹਾ ਕਿ ਉਹ ਹੈਰੋਇਨ ਵਾਲੇ ਮਾਮਲੇ ਵਿੱਚ ਜਾਂਚ ਕਰਨ ਆਏ ਹਨ ਪਰ ਹਾਲੇ ਕੁਝ ਨਹੀਂ ਦੱਸ ਸਕਦੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।