Ludhiana News: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਈਡੀ ਦੇ ਛਾਪੇ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਵਿਜੀਲੈਂਸ ਬਿਉਰੋ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਸ਼ਿਕੰਜੇ ਨੇ ਸਿਆਸੀ ਗਲਿਆਰਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਸਿਆਸਦਾਨਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਹੋਰ ਲੀਡਰਾਂ ਉਪਰ ਵੀ ਸ਼ਿਕੰਜਾ ਕੱਸ ਸਕਦੀਆਂ ਹਨ। 



ਦੱਸ ਦਈਏ ਕਿ ਵੀਰਵਾਰ ਨੂੰ ਲੁਧਿਆਣਾ 'ਚ ਰਹਿਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ 'ਤੇ ਈਡੀ ਦੀ ਛਾਪੇਮਾਰੀ 12 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਅਹਿਮ ਗੱਲ਼ ਹੈ ਕਿ ਸਾਰਾ ਦਿਨ ਸਿਆਸੀ ਹਲਕਿਆਂ ਵਿੱਚ ਚਰਚਾ ਰਹੀ ਕਿ ਭਾਰਤ ਭੂਸ਼ਣ ਆਸ਼ੂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਦੇਰ ਰਾਤ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਸਾਰੀਆਂ ਚਰਚਾਵਾਂ ’ਤੇ ਵਿਰਾਮ ਲਾ ਦਿੱਤਾ। ਮਮਤਾ ਆਸ਼ੂ ਨੇ ਕਿਹਾ ਕਿ ਉਹ ਕਾਂਗਰਸੀ ਸਨ, ਕਾਂਗਰਸੀ ਹਨ ਤੇ ਕਾਂਗਰਸੀ ਹੀ ਰਹਿਣਗੇ। ਸਭ ਕੁਝ ਆਮ ਹੈ। ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।



ਮਮਤਾ ਆਸ਼ੂ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 7 ਵਜੇ ਈਡੀ ਦੇ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ। ਜਦੋਂ ਉਹ ਘਰ ਆਏ ਤਾਂ ਉਹ ਮੰਦਰ ਗਏ ਹੋਏ ਸੀ। ਘਰ ਆਉਣ 'ਤੇ ਪਤਾ ਲੱਗਾ ਕਿ ਉਹ ਵਿਜੀਲੈਂਸ ਮਾਮਲੇ 'ਚ ਤਲਾਸ਼ੀ ਲੈਣ ਆਏ ਸੀ। ਈਡੀ ਨੇ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੇ ਘਰ ਛਾਪੇਮਾਰੀ ਨਹੀਂ ਕੀਤੀ। ਇਹ ਸਿਰਫ਼ ਇੱਕ ਸਰਚ ਸੀ। ਜਦੋਂ ਵਿਜੀਲੈਂਸ ਵੱਲੋਂ ਕਿਸੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਈਡੀ ਇੱਕ ਵਾਰ ਤਲਾਸ਼ੀ ਲਈ ਜ਼ਰੂਰ ਆਉਂਦੀ ਹੈ। ਆਸ਼ੂ ਦੇ ਨਾਲ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਹੈ। ਰੇਡ ਵਰਗੀ ਕੋਈ ਗੱਲ ਨਹੀਂ।


ਮਮਤਾ ਆਸ਼ੂ ਨੇ ਦੱਸਿਆ ਕਿ ਈਡੀ ਦੀ ਟੀਮ ਨੇ ਬੈਂਕ ਵੇਰਵਿਆਂ ਤੇ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਲਏ ਹਨ। ਉਹ ਉਕਤ ਦਸਤਾਵੇਜ਼ ਪਹਿਲਾਂ ਹੀ ਵਿਜੀਲੈਂਸ ਕੋਲ ਜਮ੍ਹਾਂ ਕਰਵਾ ਚੁੱਕੇ ਹਨ। ਈਡੀ ਦੇ ਕਰੀਬ 6 ਅਧਿਕਾਰੀਆਂ ਨੇ ਆਸ਼ੂ ਤੋਂ ਵੀ ਪੁੱਛਗਿੱਛ ਕੀਤੀ। ਕਾਂਗਰਸੀ ਵਰਕਰ ਸਾਰਾ ਦਿਨ ਆਸ਼ੂ ਦੇ ਘਰ ਬਾਹਰ ਇਕੱਠੇ ਹੋਏ ਰਹੇ। ਕਾਂਗਰਸ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਦੇਰ ਰਾਤ ਤੱਕ ਮੀਟਿੰਗ ਕੀਤੀ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਤੇ ਮੇਅਰ ਬਲਕਾਰ ਸਿੰਘ ਨੇ ਕੀਤੀ।