Ludhiana News: ਲੁਧਿਆਣਾ ਸ਼ਹਿਰ ਵਿੱਚ ਤੀਹਰੇ ਕਤਲ ਕਾਂਡ ਨੇ ਇੱਕ ਵਾਰ ਫਿਰ ਦਹਿਸ਼ਤ ਪੈਦਾ ਕਰ ਦਿੱਤੀ ਹੈ। ਸ਼ਹਿਰ ਦੇ ਲਾਡੋਵਾਲ ਨੇੜੇ ਨੂਰਪੁਰ ਬੇਟ ਇਲਾਕੇ ਵਿੱਚ ਐਤਵਾਰ ਦੀ ਰਾਤ ਲੁਟੇਰਿਆਂ ਨੇ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ ਸੀ (triple murder case)। ਲੁਟੇਰੇ ਪੰਜਾਬ ਪੁਲਿਸ ਦੇ ਸੇਵਾਮੁਕਤ ਏਐਸਆਈ, ਉਸ ਦੀ ਪਤਨੀ ਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਏ ਸੀ। 


ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ ਦਾ ਰਿਸ਼ਤੇਦਾਰ ਲਗਾਤਾਰ ਫੋਨ ਕਰਨ ਤੋਂ ਬਾਅਦ ਉਸ ਦੇ ਘਰ ਪੁੱਜਿਆ। ਉਸ ਵੇਲੇ ਘਰ ਦਾ ਗੇਟ ਬੰਦ ਸੀ, ਇਸ ਤੋਂ ਬਾਅਦ ਉਹ ਪਿੰਡ ਦੇ ਸਰਪੰਚ ਕੋਲ ਗਿਆ ਤੇ ਸਾਰੀ ਘਟਨਾ ਦੱਸੀ। ਜਦੋਂ ਪਿੰਡ ਵਾਸੀਆਂ ਨੇ ਤਾਲਾ ਤੋੜ ਕੇ ਦੇਖਿਆ ਤਾਂ ਵਰਾਂਡੇ ਵਿੱਚ ਕੁਲਦੀਪ ਸਿੰਘ ਦੀ ਲਾਸ਼ ਪਈ ਸੀ ਜਦਕਿ ਕਮਰੇ ਵਿੱਚ ਉਸ ਦੀ ਪਤਨੀ ਪਰਮਜੀਤ ਕੌਰ ਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਦੀਆਂ ਲਾਸ਼ਾਂ ਪਈਆਂ ਸਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਲਮਾਰੀਆਂ ਦਾ ਸਾਮਾਨ ਖਿੱਲ੍ਹਰਿਆ ਹੋਇਆ ਹੈ ਤੇ ਏਐਸਆਈ ਦਾ ਲਾਇਸੈਂਸੀ ਰਿਵਾਲਵਰ ਵੀ ਗਾਇਬ ਹੈ।



ਕੁਲਦੀਪ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਵਜੋਂ 2019 ਵਿੱਚ ਸੇਵਾਮੁਕਤ ਹੋਇਆ ਸੀ। ਉਹ ਹੰਬੜਾਂ ਦੇ ਪਿੰਡ ਨੂਰਪੁਰ ਬੇਟ ਵਿਚ ਆਪਣੀ ਪਤਨੀ ਤੇ ਪੁੱਤਰ ਨਾਲ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਤਲ ਵਿੱਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਜਾਂਚ ਵਿੱਚ ਪਤਾ ਚੱਲਿਆ ਕਿ ਮੁਲਜ਼ਮਾਂ ਨੇ ਸਾਬਕਾ ਏਐਸਆਈ ਦੇ ਘਰੋਂ ਹਥਿਆਰ ਤੇ ਗਹਿਣੇ ਲੁੱਟੇ ਹਨ। ਇਹ ਕਿਸੇ ਵੱਡੇ ਗੈਂਗ ਦਾ ਕੰਮ ਹੈ। 


ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ 12 ਬੋਰ ਦੀ ਰਾਇਫਲ, 32 ਬੋਰ ਦੀ ਰਿਵਾਲਵਰ, ਸੋਨੇ ਚਾਂਦੀ ਦੇ ਗਹਿਣੇ ਤੇ ਹੋਰ ਸਮਾਨ ਚੋਰੀ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੱਕੜ ਦੀ ਪੌੜੀ ਲਾ ਕੇ ਅੰਦਰ ਦਾਖਲ ਹੋਏ ਸਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ।


 



ਕੁਲਦੀਪ ਸਿੰਘ ਦਾ ਪੁੱਤਰ ਗੁਰਵਿੰਦਰ ਸਿੰਘ ਦੋ ਦਿਨ ਪਹਿਲਾਂ ਹੀ ਆਪਣੇ ਗਰਭਵਤੀ ਪਤਨੀ ਨੂੰ ਪੇਕੇ ਛੱਡ ਕੇ ਆਇਆ ਸੀ। ਪੁਲਿਸ ਮੁਤਾਬਕ ਜੇ ਉਸ ਦੀ ਪਤਨੀ ਵੀ ਘਰ ਹੁੰਦੀ ਤਾਂ ਉਸ ਨੂੰ ਨੁਕਸਾਨ ਪੁੱਜਣਾ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪਾਲੀ ਨੇ ਅਗਲੇ ਮਹੀਨੇ ਵਿਦੇਸ਼ ਪੜ੍ਹਨ ਜਾਣਾ ਸੀ ਜਿਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ