Ludhiana News: ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਕੋਹਰੇ ਦੀ ਮਾਰ ਕਾਰਨ ਆਲੂ ਕਾਸ਼ਤਕਾਰ ਸਹਿਮੇ ਹੋਏ ਹਨ। ਇਨ੍ਹਾਂ ਆਲੂ ਉਤਪਾਦਕਾਂ ਨੂੰ ਸੰਭਾਵੀ ਘਾਟੇ ਦਾ ਡਰ ਸਤਾਉਣ ਲੱਗਾ ਹੈ। ਆਲੂ ਉਤਪਾਦਕਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਜੇਕਰ ਅਗਲੇ ਦਿਨਾਂ ’ਚ ਕੋਹਰਾ ਵੱਧ ਪੈ ਗਿਆ ਤਾਂ ਆਲੂਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਣਾ ਤੈਅ ਹੈ।



ਉਧਰ, ਖੇਤੀਬਾੜੀ ਵਿਭਾਗ ਤੇ ਮੌਸਮ ਵਿਗਿਆਨੀ ਪੰਜ ਛੇ ਦਿਨ ਹਾਲੇ ਹੋਰ ਕੋਹਰਾ ਪੈਣ ਦੀ ਸੰਭਾਵਨਾ ਜਤਾ ਰਹੇ ਹਨ। ਇਸ ਦੇ ਮੱਦੇਨਜ਼ਰ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਜਦਕਿ ਖੇਤੀਬਾੜੀ ਵਿਭਾਗ ਨੇ ਨੁਕਸਾਨ ਤੋਂ ਬਚਾਅ ਲਈ ਹਲਕਾ ਪਾਣੀ ਲਾਉਣ ਲਈ ਕਿਹਾ ਹੈ। ਬਚਾਅ ਲਈ ਕੀਟਨਾਸ਼ਕ ਦੇ ਛਿੜਕਾਅ ਦਾ ਸੁਝਾਅ ਵੀ ਦਿੱਤਾ ਗਿਆ ਹੈ। 


ਆਲੂ ਉਤਪਾਦਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਅਗਲੇ ਦਿਨਾਂ ’ਚ ਕੋਹਰਾ ਵੱਧ ਪੈ ਗਿਆ ਤਾਂ ਆਲੂਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਣਾ ਤੈਅ ਹੈ। ਖੇਤੀਬਾੜੀ ਵਿਭਾਗ ਤੋਂ ਹਾਸਲ ਅੰਕੜੇ ਦਰਸਾਉਂਦੇ ਹਨ ਕਿ ਐਤਕੀਂ ਪਿਛਲੀ ਵਾਰ ਮੁਕਾਬਲੇ ਵੱਧ ਮਾਤਰਾ ’ਚ ਆਲੂ ਲਾਇਆ ਗਿਆ ਹੈ। ਦੋ ਤਿੰਨ ਸੀਜ਼ਨ ਆਲੂ ਦੇ ਵਧੀਆ ਲੱਗਣ ਤੇ ਚੰਗੀ ਆਮਦਨ ਕਰਕੇ ਕਿਸਾਨ ਹੋਰ ਆਲੂ ਲਾਉਣ ਲਈ ਉਤਸ਼ਾਹਤ ਹੋਏ ਹਨ। 


 ਇਹ ਵੀ ਪੜ੍ਹੋ : ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ




 



ਕਿਸਾਨਾਂ ਦਾ ਕਹਿਣਾ ਹੈ ਕਿ ਆਲੂ ਦੀ ਫ਼ਸਲ ਕੋਹਰੇ ਦੀ ਮਾਰ ਹੇਠ ਹੈ। ਉਨ੍ਹਾਂ ਮੁਤਾਬਕ ਇਸ ਵਾਰ ਪਹਿਲਾਂ ਨਾਲੋਂ ਵੱਧ ਆਲੂ ਲਾਇਆ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਰੋਜ਼ਾਨਾ ਸਵੇਰ ਉਨ੍ਹਾਂ ਦੇ ਖੇਤਾਂ ਕੋਹਰੇ ਨਾਲ ਢਕੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੂੰ ਮਿਹਨਤ ਮਿੱਟੀ ’ਚ ਰੁਲਦੀ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੋਹਰੇ ਦੀ ਏਨੀ ਮਾਰ ਨਹੀਂ ਪਈ। 


ਉਧਰ, ਸਬਜ਼ੀਆਂ ਦੇ ਕਾਸ਼ਤਕਾਰ ਵੀ ਦੱਸਦੇ ਹਨ ਕਿ ਕੋਹਰੇ ਦਾ ਸਬਜ਼ੀਆਂ ’ਤੇ ਵੀ ਮਾਰੂ ਅਸਰ ਹੋ ਰਿਹਾ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਹਰੇ ਕਰਕੇ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਵਧੇਰੇ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਚਾਰ-ਪੰਜ ਦਿਨ ਵੱਧ ਧਿਆਨ ਦੇਣ ਦੀ ਸਲਾਹ ਦਿੰਦਿਆਂ ਹਲਕਾ ਪਾਣੀ ਲਾਉਣ ਦਾ ਵੀ ਸੁਝਾਅ ਦਿੱਤਾ।