Ludhiana News: ਲੁਧਿਆਣਾ ਵਿੱਚ ਸਿਆਸਤਦਾਨਾਂ ਦੇ ਚਹੇਤੇ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਸਾਹਮਣੇ ਆਇਆ ਹੈ ਕਿ ਕਾਤਲ ਕੋਈ ਹੋਰ ਨਹੀਂ ਸਗੋਂ ਉਸ ਦੇ ਸਾਥੀ ਰੋਹਿਤ ਈਸ਼ੂ, ਬੱਬੂ ਤੇ ਆਸਾ ਹੀ ਦੱਸੇ ਜਾ ਰਹੇ ਹਨ। ਉਂਝ ਫਿਲਹਾਲ ਪੁਲਿਸ ਇਸ ਮਾਮਲੇ 'ਚ ਰੋਹਿਤ ਈਸ਼ੂ ਤੇ ਬੱਬੂ ਨੂੰ ਸ਼ਾਮਲ ਮੰਨ ਰਹੀ ਹੈ ਪਰ ਆਸਾ ਬਾਰੇ ਵੀ ਜਾਂਚ ਜਾਰੀ ਹੈ। ਗੈਂਗਸਟਰ ਸੁੱਖਾ ਬਾੜੇਵਾਲੀਆ ਖਿਲਾਫ਼ ਸ਼ਹਿਰ ’ਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਚੋਰੀ ਤੇ ਡਕੈਤੀ ਸਮੇਤ ਹੋਰ ਕਈ ਤਰ੍ਹਾਂ ਦੇ 23 ਕੇਸ ਦਰਜ ਹਨ। ਉਹ ਪਹਿਲਾਂ ਵੀ ਕਈ ਵਾਰ ਜੇਲ੍ਹ ’ਚ ਜਾ ਚੁੱਕਿਆ ਹੈ।



ਉਧਰ, ਗੈਂਗਸਟਰ ਸੁੱਖਾ ਬਾੜੇਵਾਲੀਆ ਦੀ ਪਤਨੀ ਅਮਿਤਾ ਨੇ ਦੋਸ਼ ਲਾਇਆ ਕਿ ਰੋਹਿਤ ਉਰਫ਼ ਈਸ਼ੂ ਕਈ ਥਾਵਾਂ ’ਤੇ ਨਸ਼ਾ ਤਸਕਰੀ ਵੇਲੇ ਸੁੱਖੇ ਦਾ ਨਾਂ ਵਰਤ ਰਿਹਾ ਸੀ। ਦੋਵੇਂ ਗੱਲਬਾਤ ਰਾਹੀਂ ਆਪਸੀ ਵਿਵਾਦ ਖ਼ਤਮ ਕਰਨ ਲਈ ਮਿਲੇ ਸਨ, ਪਰ ਇਸ ਦੌਰਾਨ ਛਿੜੀ ਬਹਿਸ ਨੇ ਖੂਨੀ ਰੂਪ ਅਖ਼ਤਿਆਰ ਕਰ ਲਿਆ। 


ਦੱਸ ਦਈਏ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਬਾੜੇਵਾਲੀਆ ਦਾ ਸੋਮਵਾਰ ਦਿਨ-ਦਿਹਾੜੇ ਹੈਬੋਵਾਲ ਦੇ ਜੋਗਿੰਦਰ ਨਗਰ ਇਲਾਕੇ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁੱਖਾ ਬਾੜੇਵਾਲੀਆ ਦੇ ਪੁਰਾਣੇ ਸਾਥੀਆਂ ਨੇ ਉਸ ਨੂੰ ਵਿਵਾਦ ਹੱਲ ਕਰਨ ਲਈ ਸੱਦਿਆ ਸੀ ਤੇ ਉੱਥੇ ਬਹਿਸ ਦੌਰਾਨ ਗੋਲੀਆਂ ਚੱਲ ਗਈਆਂ। 


ਪਤਾ ਲੱਗਾ ਹੈ ਕਿ ਇਸ ਦੌਰਾਨ ਸਮਝੌਤੇ ਲਈ ਸੱਦਣ ਵਾਲੇ ਸੁੱਖੇ ਦੇ ਪੁਰਾਣੇ ਦੋਸਤ ਰੋਹਿਤ ਉਰਫ਼ ਈਸ਼ੂ ਦੇ ਸਿਰ ’ਚ ਵੀ ਗੋਲੀ ਲੱਗੀ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੋਹਿਤ ਇਸ ਵੇਲੇ ਡੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੌਰਾਨ ਸੁੱਖੇ ਨਾਲ ਆਇਆ ਉਸ ਦਾ ਇੱਕ ਅਣਪਛਾਤਾ ਸਾਥੀ ਮੌਕੇ ’ਤੋਂ ਫਰਾਰ ਹੋ ਗਿਆ ਹੈ। 



ਇਸ ਸਬੰਧੀ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਤੇ ਡੀਸੀਪੀ ਕ੍ਰਾਈਮ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸੁੱਖਾ ਸਮਝੌਤਾ ਕਰਨ ਲਈ ਆਇਆ ਸੀ, ਪਰ ਬਹਿਸ ਦੌਰਾਨ ਦੋਵਾਂ ਵਿਚਾਲੇ ਗੋਲੀਆਂ ਚੱਲੀਆਂ ਤੇ ਸੁੱਖੇ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।