Ludhiana News: ਅੱਜ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ ਕਰਵਾਉਣਗੇ। ਹਿੰਡਨ ਡੋਮੈਸਟਿਕ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ 10.50 ਵਜੇ ਸਾਹਨੇਵਾਲ ਏਅਰਪੋਰਟ ਪਹੁੰਚੇਗੀ, ਜਦੋਂਕਿ ਟੇਕ ਆਫ ਫਲਾਈਟ ਸਵੇਰੇ 11.10 ਵਜੇ ਹੈ, ਜੋ 12.25 ਵਜੇ ਹਿੰਡਨ ਪਹੁੰਚੇਗੀ। ਹਵਾਈ ਅੱਡੇ ਨੂੰ ਚਾਲੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੀਐਮ ਭਗਵੰਤ ਮਾਨ ਤੋਂ ਇਲਾਵਾ ਹੋਰ ਮੰਤਰੀ ਤੇ ਆਗੂ ਵੀ ਹਵਾਈ ਅੱਡੇ 'ਤੇ ਪੁੱਜਣਗੇ। ਏਅਰਪੋਰਟ ਸਟਾਫ਼ ਵੱਲੋਂ ਸਾਰੇ ਜ਼ਰੂਰੀ ਕੰਮ ਮੁਕੰਮਲ ਕਰ ਲਏ ਗਏ ਹਨ।
ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਉਕਤ ਫਲਾਈਟ ਦਾ ਇੱਕ ਤਰਫਾ ਕਿਰਾਇਆ 3148 ਰੁਪਏ ਹੋਵੇਗਾ, ਜੋ ਕਿ ਦਿੱਲੀ-ਲੁਧਿਆਣਾ ਫਲਾਈਟ ਲਈ ਵਾਜਬ ਹੈ। ਐਮਪੀ ਅਰੋੜਾ ਖੁਦ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਸਾਹਨੇਵਾਲ ਲਈ ਇਸ ਉਦਘਾਟਨੀ ਉਡਾਣ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੇਵਾਮੁਕਤ) ਜਨਰਲ ਵੀਕੇ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸੰਸਦ ਮੈਂਬਰ ਅਰੋੜਾ ਨੇ ਸਾਹਨੇਵਾਲ ਹਵਾਈ ਅੱਡੇ ਦੇ ਮੁੜ ਚਾਲੂ ਹੋਣ ਦੇ ਮੁੱਦੇ ਨੂੰ ਪੰਜਾਬ ਲਈ ਵੱਡੀ ਪ੍ਰਾਪਤੀ ਦੱਸਿਆ ਹੈ। ਉਹ ਇਸ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਨੇ 16 ਅਗਸਤ ਨੂੰ ਉਡਾਣ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰਨ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਦੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖਿਆ ਸੀ।
ਐਮਪੀ ਅਰੋੜਾ ਨੇ ਦੱਸਿਆ ਕਿ ਇਹ ਫਲਾਈਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨਾਂ ਲਈ ਉਡਾਣ ਭਰੇਗੀ। ਅਕਤੂਬਰ ਦੇ ਅੰਤ ਤੋਂ ਪੂਰੇ ਹਫ਼ਤੇ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ। 10 ਸਤੰਬਰ 2023 ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਕੰਮ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਉੱਥੋਂ ਵੀ ਫਲਾਈਟ ਸੁਵਿਧਾ ਸ਼ੁਰੂ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।