Ludhiana News: ਇੱਕ ਪਾਸੇ ਤਾਂ ਪੰਜਾਬ ਪੁਲਿਸ ਨਸ਼ਿਆਂ ਖਿਲਾਫ਼ ਪਿੰਡ-ਪਿੰਡ ਜਾ ਸੈਮੀਨਾਰ ਕਰਕੇ ਟੋਲ ਫਰੀ ਨੰਬਰ ਜਾਰੀ ਕਰ ਰਹੀ ਹੈ। ਉਸੇ ਦੌਰਾਨ ਇੱਕ ਦੁਖਿਆਰੀ ਮਾਂ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਆਪਣੇ ਪੁੱਤ ਨੂੰ ਨਸ਼ੇ ਦਾ ਆਦੀ ਹੋਣ 'ਤੇ ਰੋ-ਰੋ ਕੇ ਫਰਿਆਦ ਕਰ ਰਹੀ ਹੈ ਕਿ ਮੇਰੇ ਪੁੱਤ ਨੂੰ ਨਸ਼ੇ ਦੀ ਦਲ-ਦਲ ਵਿੱਚੋਂ ਬਾਹਰ ਕੱਢਿਆ ਜਾਵੇ।
ਵੀਡੀਓ ਵਿੱਚ ਮਹਿਲਾ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ। ਨਸ਼ਾ ਵੇਚਣ ਵਾਲਿਆਂ ਦੇ ਨੰਬਰ ਵੀ ਪੁਲਿਸ ਨੂੰ ਦਿੱਤੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰ, ਸਗੋਂ ਉਸ ਦੁਖਿਆਰੀ ਮਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਪੁੱਤਰ ਨੂੰ ਸਮਝਾਓ। ਉਸ ਤੋਂ ਬਾਅਦ ਫੇਰ ਜਦੋਂ ਮਾਂ ਦੀ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਤੁਰੰਤ ਪੁਲਿਸ ਹਰਕਤ ਵਿੱਚ ਮਾਤਾ ਦੇ ਘਰ ਪਹੁੰਚ ਗਈ। ਪੁਲਿਸ ਨਸ਼ਾ ਵੇਚਣ ਵਾਲਿਆਂ ਖਿਲਾਫ਼ ਜਲਦ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।
ਸਮਾਜ ਸੇਵੀ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਇੱਕ ਦੁਖਿਆਰੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਨੌਜਵਾਨ ਬੇਟਾ ਨਸ਼ੇ ਦਾ ਆਦੀ ਹੋ ਗਿਆ ਹੈ। ਉਹ ਹਰ ਰੋਜ਼ ਨਸ਼ਾ ਕਰਕੇ ਘਰ ਆਉਂਦਾ ਹੈ। ਘਰ ਆਉਣ ਤੋਂ ਬਾਅਦ ਵੀ ਨਸ਼ਾ ਵੇਚਣ ਵਾਲਿਆਂ ਦੇ ਮੇਰੇ ਬੇਟੇ ਨੂੰ ਲਗਾਤਾਰ ਫੋਨ ਆਉਂਦੇ ਹਨ ਤੇ ਫਿਰ ਮੇਰਾ ਬੇਟਾ ਉਨ੍ਹਾਂ ਤੋਂ ਨਸ਼ਾ ਲੈ ਕੇ ਘਰ ਆ ਕੇ ਵੀ ਨਸ਼ਾ ਕਰਦਾ ਹੈ।
ਮਹਿਲਾ ਨੇ ਕਿਹਾ ਹੈ ਕਿ ਮੈਂ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਬਾਰੇ ਦੱਸ ਚੁੱਕੀ ਹਾਂ ਤੇ ਜਿਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਫੋਨ ਆਉਂਦੇ ਹਨ, ਉਨ੍ਹਾਂ ਦੇ ਨੰਬਰ ਵੀ ਦੇ ਚੁੱਕੀ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਵੀ ਨਹੀਂ ਕੀਤਾ। ਰੋਂਦੀ ਹੋਈ ਉਸ ਦੁਖਿਆਰੀ ਮਾਂ ਨੇ ਦੱਸਿਆ ਕਿ ਮੇਰੇ ਦੋ ਪੋਤੀਆਂ ਤੇ ਇੱਕ ਪੋਤਾ ਹੈ। ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਮੈਂ ਬਹੁਤ ਦੁਖੀ ਹਾਂ। ਉਸ ਦੁਖਿਆਰੀ ਮਾਂ ਨੇ ਰੋਂਦੇ ਹੋਏ ਫਰਿਆਦ ਲਾਈ ਕਿ ਮੇਰੇ ਪੁੱਤਰ ਨੂੰ ਇਸ ਨਸ਼ੇ ਵਿੱਚੋਂ ਬਾਹਰ ਕੱਢਿਆ ਜਾਵੇ। ਇਨ੍ਹਾਂ ਨਸ਼ਾ ਵੇਚਣ ਵਾਲਿਆਂ ਤੇ ਛੇਤੀ ਤੋਂ ਛੇਤੀ ਕਾਬੂ ਪਾਇਆ ਜਾਵੇ।
ਸਮਾਜ ਸੇਵੀ ਪਰਮਜੀਤ ਢਿੱਲੋਂ ਨਾਲ ਜਦੋਂ ਵਾਇਰਲ ਵੀਡੀਓ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਮੈਂ ਸਮਰਾਲੇ ਹਲਕੇ ਵਿੱਚ ਇੱਕ ਮੁਹਿੰਮ ਚਲਾਈ ਸੀ "ਨਸ਼ਾ ਹਟਾਓ ਪੰਜਾਬ ਬਚਾਓ" ਜਿਸ ਵਿੱਚ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਸੀ। ਇਸੇ ਮੁਹਿੰਮ ਤਹਿਤ ਇੱਕ ਦੁਖਿਆਰੀ ਮਾਂ ਮੇਰੇ ਕੋਲ ਆਈ। ਜਦੋਂ ਉਸ ਦੁਖਿਆਰੀ ਮਾਂ ਨੇ ਮੈਨੂੰ ਦੱਸਿਆ ਕਿ ਉਸ ਦਾ ਬੇਟਾ ਨਸ਼ੇ ਦੀ ਦਲਦਲ ਵਿੱਚ ਕਿਸ ਤਰ੍ਹਾਂ ਫਸ ਚੁੱਕਾ ਹੈ ਤਾਂ ਮੇਰੇ ਮਨ ਨੂੰ ਠੇਸ ਲੱਗੀ। ਮਹਿਲਾ ਨੇ ਇਹ ਵੀ ਦੱਸਿਆ ਕਿ ਉਸ ਦੇ ਪੋਤੇ-ਪੋਤੀਆਂ ਨੂੰ ਵੀ ਪਤਾ ਹੈ ਕਿ ਉਨ੍ਹਾਂ ਦਾ ਪਿਤਾ ਕਿਹੜਾ ਕਿਹੜਾ ਨਸ਼ਾ ਕਰ ਰਿਹਾ ਹੈ।
ਢਿੱਲੋਂ ਨੇ ਦੱਸਿਆ ਕਿ ਮੈਂ ਪ੍ਰਸ਼ਾਸ਼ਨ ਨੂੰ ਵੀ ਨਸ਼ਾ ਵੇਚਣਾ ਤੇ ਕਰਨ ਵਾਲਿਆਂ ਦੇ ਨੰਬਰ ਦੇ ਦਿੱਤੇ ਹਨ। ਉਮੀਦ ਹੈ ਕਿ ਪ੍ਰਸ਼ਾਸਨ ਇਸ ਤੇ ਜਲਦ ਕਾਰਵਾਈ ਕਰੇਗਾ। ਮੇਰਾ ਇਹ ਵੀਡੀਓ ਪਾਉਣ ਦਾ ਇੱਕੋ ਇਹ ਮਕਸਦ ਸੀ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਕੀ ਹਾਲਾਤ ਬਣ ਚੁੱਕੇ ਹਨ। ਜਿਹੜੇ ਲੋਕ ਨਸ਼ਾ ਕਰਦੇ ਹਨ, ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਪਰਿਵਾਰਾਂ ਦਾ ਸੋਚੋ। ਆਪਣੇ ਬੱਚਿਆਂ ਦਾ ਸੋਚੋ। ਆਪਣੇ ਮਾਤਾ-ਪਿਤਾ ਬਾਰੇ ਸੋਚੋ। ਨਸ਼ੇ ਨੂੰ ਤਿਆਗ ਕੇ ਚੰਗੇ ਪਾਸੇ ਨੂੰ ਅੱਗੇ ਵਧੋ।
ਜਦੋਂ ਐਸਐਚਓ ਸਮਰਾਲਾ ਭਿੰਦਰ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਨੰਬਰ ਆ ਗਏ ਹਨ। ਜਲਦ ਹੀ ਇਨ੍ਹਾਂ ਨੂੰ ਲੱਭ ਕੇ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ।