Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਕਮਰੇ ਵਿੱਚੋਂ ਇੱਕ ਤਸਲੇ ਵਿੱਚ ਸੜੇ ਹੋਏ ਕੋਲੇ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। 


ਹਾਸਲ ਜਾਣਕਾਰੀ ਮੁਤਾਬਕ ਜਦੋਂ ਉਹ ਵਿਅਕਤੀ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਕੀਤਾ। ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਉਸ ਦੇ ਕਮਰੇ 'ਚ ਪਹੁੰਚੇ। ਕਮਰਾ ਅੰਦਰੋਂ ਬੰਦ ਸੀ। ਇਸ ਮਗਰੋਂ ਪੁਲਿਸ ਤੇ ਮਕਾਨ ਮਾਲਕ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜ ਕੇ 20 ਘੰਟਿਆਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।



ਜਦੋਂ ਲੋਕ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਦੰਗ ਰਹਿ ਗਏ। ਪਤੀ ਦੀ ਲਾਸ਼ ਮੰਜੇ 'ਤੇ ਪਈ ਸੀ ਤੇ ਪਤਨੀ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਦੋਹਾਂ ਦੇ ਸਰੀਰ 'ਤੇ ਰਜਾਈ ਨਹੀਂ ਸੀ। ਮ੍ਰਿਤਕਾਂ ਦੀ ਪਛਾਣ ਕਰਨ (40) ਤੇ ਕਮਲਾ (38) ਵਜੋਂ ਹੋਈ ਹੈ। ਉਨ੍ਹਾਂ ਦੇ ਵਿਆਹ ਨੂੰ ਲਗਪਗ 7 ਸਾਲ ਹੋ ਗਏ ਹਨ। ਇਸ ਜੋੜੇ ਦਾ ਕੋਈ ਬੱਚਾ ਨਹੀਂ ਹੈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ। ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਢੰਡਾਰੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।


ਮ੍ਰਿਤਕ ਕਰਨ ਦੇ ਦੋਸਤ ਪ੍ਰੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਰਨ ਤੇ ਉਸ ਦੀ ਪਤਨੀ ਦੋਵੇਂ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਕਰਨ ਉਸ ਨਾਲ ਕਿੰਗਜ਼ ਐਕਸਪੋਰਟ ਵਿੱਚ ਕੰਮ ਕਰਦਾ ਸੀ। ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਉਹ ਘਰ ਚਲਾ ਗਿਆ। ਜਦੋਂ ਉਹ ਅਗਲੇ ਦਿਨ ਕੰਮ 'ਤੇ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਤੇ ਉਸ ਦੀ ਪਤਨੀ ਦੋਵਾਂ ਨੂੰ ਫੋਨ ਕੀਤਾ। ਕਿਸੇ ਨੇ ਫੋਨ ਨਹੀਂ ਚੁੱਕਿਆ ਇਸ ਲਈ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਹ ਦੇਰ ਰਾਤ ਉਸ ਦੇ ਕਮਰੇ 'ਚ ਪਹੁੰਚਿਆ।


ਪ੍ਰੇਮ ਅਨੁਸਾਰ ਉਸ ਨੇ ਕਾਫੀ ਦੇਰ ਦਰਵਾਜ਼ਾ ਖੜਕਾਇਆ ਪਰ ਨਹੀਂ ਖੁੱਲ੍ਹਿਆ। ਉਸ ਨੇ ਤੁਰੰਤ ਆਪਣੇ ਬਾਕੀ ਸਾਥੀਆਂ ਨੂੰ ਸੂਚਿਤ ਕੀਤਾ। ਘਟਨਾ ਸਬੰਧੀ ਮਕਾਨ ਮਾਲਕ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਮੌਜੂਦਗੀ ਵਿੱਚ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਕਮਰੇ ਵਿੱਚ ਪਤੀ-ਪਤਨੀ ਦੀਆਂ ਲਾਸ਼ਾਂ ਪਈਆਂ ਸਨ। ਕਮਲਾ ਜ਼ਮੀਨ 'ਤੇ ਪਈ ਸੀ। ਕਰਨ ਮੰਜੇ 'ਤੇ ਪਿਆ ਸੀ। ਉਸ ਦੇ ਕਮਰੇ ਵਿੱਚ ਇੱਕ ਤਸਲਾ ਪਿਆ ਸੀ ਜਿਸ ਵਿੱਚ ਕੋਲਾ ਬਲ ਰਿਹਾ ਸੀ। ਉਨ੍ਹਾਂ ਸ਼ੱਕ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ।


ਪ੍ਰੇਮ ਕੁਮਾਰ ਨੇ ਦੱਸਿਆ ਕਿ ਕਰਨ ਪਿਛਲੇ 10 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ। ਉਸ ਦਾ ਇੱਕ ਭਰਾ ਹੈ ਜੋ ਵਿਦੇਸ਼ ਰਹਿੰਦਾ ਹੈ। ਕਰਨ ਤੇ ਉਸ ਦੀ ਪਤਨੀ ਦਾ ਨੇਪਾਲ ਵਿੱਚ ਕੋਈ ਰਿਸ਼ਤੇਦਾਰ ਨਹੀਂ। ਫਿਲਹਾਲ ਉਹ ਕਰਨ ਦੇ ਭਰਾ ਨੂੰ ਸੂਚਿਤ ਕਰਨਗੇ। ਇਸ ਮਾਮਲੇ ਸਬੰਧੀ ਥਾਣਾ ਫੋਕਲ ਪੁਆਇੰਟ ਦੇ ਐਸਐਚਓ ਨਰਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।