Ludhiana News: ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਵਿੱਚ ਇੱਕ ਵਾਰ ਫਿਰ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਨਅਤਕਾਰਾਂ ਨਾਲ ਮਿਲਣੀ ਕਰਨਗੇ। ਇੱਥੇ ਉਹ ਅੱਜ ਪੰਜ ਤਾਰਾ ਹੋਟਲ ਰੈਡੀਸਨ ਬਲੂ ਵਿੱਚ ਸ਼ਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ। 


ਇਸ ਮੀਟਿੰਗ ਵਿੱਚ 300 ਦੇ ਕਰੀਬ ਸਨਅਤਕਾਰ ਤੇ ਹੋਰ ਲੋਕ ਸ਼ਾਮਲ ਹੋਣਗੇ। ਮਿਲਣੀ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪਿਛਲੇ 18 ਮਹੀਨਿਆਂ ਵਿੱਚ ਸਨਅਤਾਂ ਲਈ ਕੀਤੇ ਗਏ ਕੰਮਾਂ ਬਾਰੇ ਸਨਅਤਕਾਰਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ 2021 ਦੇ ਸਤੰਬਰ ਮਹੀਨੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਸਿੱਧੇ ਤੌਰ ’ਤੇ ਸਨਅਤਕਾਰਾਂ ਨੂੰ ਕਿਹਾ ਸੀ ਕਿ ਉਹ ‘ਆਪ’ ਲਈ ਵੋਟ ਬੈਂਕ ਨਹੀਂ ਬਲਕਿ ਸਰਕਾਰ ਵਿੱਚ ਪਾਰਟਨਰ ਬਣਨ। 



ਇਸ ਤੋਂ ਇਲਾਵਾ ਉਨ੍ਹਾਂ ਨੇ ਸਨਅਤਾਂ ਲਈ 24 ਘੰਟੇ ਸਸਤੀ ਬਿਜਲੀ, ਇੰਸਪੈਕਟਰੀ ਤੇ ਭ੍ਰਿਸ਼ਟਾਚਾਰ ਖਤਮ ਤੇ ਸਨਅਤਾਂ ਨੂੰ ਨਵੀਂ ਟੈਕਨਾਲੋਜੀ ਦੇਣ ਦੇ ਵੱਡੇ ਐਲਾਨ ਕੀਤੇ ਸੀ। ਉਨ੍ਹਾਂ ਕਿਹਾ ਸੀ ਕਿ ਦਿੱਲੀ ਵਾਂਗ ਲੁਧਿਆਣਾ ਵਿੱਚ ਕਿਸੇ ਸਨਅਤ ਵਿੱਚ ਟੈਕਸ ਵਿਭਾਗ ਦੇ ਛਾਪੇ ਨਹੀਂ ਮਾਰੇ ਜਾਣਗੇ ਤੇ ਦਿੱਲੀ ਵਾਂਗ ਹੀ ਇੱਥੇ ਵੀ ਖਜ਼ਾਨਾ ਭਰੇਗਾ।



ਵੀਰਵਾਰ ਨੂੰ ਜਲੰਧਰ ਵਿੱਚ ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੇਂਡੂ ਇਲਾਕਿਆਂ ਵਿੱਚ ਉਦਯੋਗਪਤੀਆਂ ਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦੂਹਰਾ ਉਦੇਸ਼ ਪੂਰਾ ਹੋਵੇਗਾ ਕਿਉਂਕਿ ਇਸ ਨਾਲ ਜਿੱਥੇ ਸਨਅਤੀ ਵਿਕਾਸ ਨੂੰ ਹੁਲਾਰਾ ਮਿਲੇਗਾ, ਉੱਥੇ ਹੀ ਪੇਂਡੂ ਖੇਤਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ। ਭਗਵੰਤ ਮਾਨ ਨੇ ਸਨਅਤਾਕਾਰਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਵਿੱਚ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਵਚਨਬੱਧ ਹੈ।


ਮੁੱਖ ਮੰਤਰੀ ਨੇ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਆਈਆਰਐਸ ਦਾ ਵੱਕਾਰੀ ਅਹੁਦਾ ਤਿਆਗ ਦੇਣ ਲਈ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਹੀ ਗਰੀਬਾਂ ਤੇ ਦੱਬੇ-ਕੁਚਲੇ ਲੋਕਾਂ ਦੀ ਸੇਵਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਵਿੱਢੀ ਜੰਗ ਦੌਰਾਨ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਜਿਸ ਦੀ ਸ਼ੁਰੂਆਤ ਦਿੱਲੀ ਦੇ ਰਾਮ ਲੀਲਾ ਮੈਦਾਨ ਤੋਂ ਹੋਈ ਸੀ।