Ludhiana News: ਲੁਧਿਆਣਾ ਸ਼ਹਿਰ ’ਚ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ ਉਪਰ 24 ਘੰਟੇ ਪੁਲਿਸ ਦੀ ਨਿਗ੍ਹਾ ਰਹੇਗੀ। ਇਸ ਨਾਲ ਅਪਰਾਧ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਪੂਰੇ ਲੁਧਿਆਣਾ ਸ਼ਹਿਰ ’ਚ ਸੀਸੀਟੀਵੀ ਕੈਮਰੇ ਲੱਗ ਰਹੇ ਹਨ। ਇਹ ਕੰਮ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਹੋਣ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਧ ਲਾਭ ਪੁਲਿਸ ਨੂੰ ਹੋਏਗਾ। ਪੁਲਿਸ ਸ਼ਹਿਰ ਅੰਦਰ ਸ਼ੱਕੀ ਬੰਦਿਆਂ ਉਪਰ 24 ਘੰਟੇ ਨਜ਼ਰ ਰੱਖ ਸਕੇਗੀ।
ਦਰਅਸਲ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੁਣ ਲੁਧਿਆਣਾ ਸ਼ਹਿਰ ’ਚ ਇੱਕ ਹੋਰ ਸਹੂਲਤ ਪੂਰੀ ਹੋਣ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਸੀਸੀਟੀਵੀ ਕੈਮਰੇ ਦੀ ਨਿਗਰਾਨੀ ’ਚ ਹੋਵੇਗਾ। ਨਗਰ ਨਿਗਮ ਪ੍ਰਾਈਵੇਟ ਕੰਪਨੀ ਦੀ ਮਦਦ ਨਾਲ ਸ਼ਹਿਰ ਭਰ ’ਚ 1442 ਸੀਸੀਟੀਵੀ ਕੈਮਰੇ ਲਾਉਣ ਦਾ ਪ੍ਰਾਜੈਕਟ ਪੂਰਾ ਕਰਨ ਦੀ ਤਿਆਰੀ ਕਰ ਰਹੀ ਹੈ। 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਤੇ 145 ਦੇ ਕਰੀਬ ਸੀਸੀਟੀਵੀ ਕੈਮਰੇ ਬਚੇ ਹਨ, ਜੋ ਪੂਰੇ ਸ਼ਹਿਰ ’ਚ ਲਾਏ ਜਾਣੇ ਹਨ।
ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਸੀਸੀਟੀਵੀ ਕੈਮਰਿਆਂ ਦਾ ਸਭ ਤੋਂ ਵੱਡਾ ਫਾਇਦਾ ਜਿੱਥੇ ਸ਼ਹਿਰ ਨੂੰ ਹੋਵੇਗਾ, ਉਥੇਂ ਹੀ ਚੋਣਾਂ ਦੌਰਾਨ ਪੁਲਿਸ ਨੂੰ ਵੀ ਇਸ ਦਾ ਲਾਭ ਮਿਲੇਗਾ। ਸਭ ਤੋਂ ਵੱਡਾ ਲਾਭ ਸੀਸੀਟੀਵੀ ਕੈਮਰਿਆਂ ਦਾ ਇਹ ਹੋਵੇਗਾ ਕਿ ਸ਼ੱਕੀ ਵਾਹਨ ਟ੍ਰੇਸ ਕਰਨ ਦੇ ਨਾਲ-ਨਾਲ ਮੁਲਜ਼ਮਾਂ ’ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ।
ਨਗਰ ਨਿਗਮ ਅਧਿਕਾਰੀਆਂ ਦੀ ਮੰਨੀਏ ਤਾਂ ਕਰੀਬ 36 ਕਰੋੜ ਦੀ ਲਾਗਤ ਨਾਲ ਸ਼ਹਿਰ ’ਚ ਸੀਸੀਟੀਵੀ ਕੈਮਰੇ ਲਾਏ ਜਾਣ ਦਾ ਪ੍ਰਾਜੈਕਟ ਸੀ। ਇਹ ਪ੍ਰਾਜੈਕਟ ਸਮਾਰਟ ਸਿਟੀ ਤਹਿਤ ਚੱਲ ਰਿਹਾ ਹੈ। 145 ਦੇ ਕਰੀਬ ਸੀਸੀਟੀਵੀ ਕੈਮਰੇ ਲਾਉਣੇ ਅਜੇ ਬਾਕੀ ਹਨ, ਜੋ ਉਮੀਦ ਹੈ ਕਿ ਮਈ ਦੇ ਅੱਧ ਤੱਕ ਲੱਗ ਜਾਣਗੇ। ਸੰਵੇਦਨਸ਼ੀਲ ਖੇਤਰਾਂ ’ਚ ਨਾਈਟ ਵਿਜ਼ਨ ਕੈਮਰੇ ਲਾਏ ਗਏ ਹਨ।
ਨਗਰ ਨਿਗਮ ਦੇ ਇੰਜਨੀਅਰ ਸੰਜੇ ਕੋਛੜ ਨੇ ਦੱਸਿਆ ਕਿ ਜਲਦੀ ਹੀ ਇਸ ਪ੍ਰਾਜੈਕਟ ਨੂੰ ਪੂਰਾ ਕਰ ਕੇ ਨਿਗਮ ਦੇ ਹੱਥ ’ਚ ਲਿਆਂਦਾ ਜਾਵੇਗਾ। ਮਗਰੋਂ ਪ੍ਰਸ਼ਾਸਨ ਤੇ ਪੁਲਿਸ ਨਾਲ ਮਿਲ ਕੇ ਕੰਮ ਨੂੰ ਅੱਗੇ ਵਧਾਇਆ ਜਾਵੇਗਾ। ਜੋ ਨਵੀਆਂ ਸਾਈਟਾਂ ਕੰਪਨੀ ਨੂੰ ਦਿੱਤੀਆਂ ਗਈਆਂ ਹਨ, ਉਥੇ ਕੈਮਰੇ ਲੱਗਣੇ ਬਾਕੀ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।