Ludhiana News: ਕੈਨੇਡਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਓਂਟਾਰੀਓ ਵਿੱਚ ਲੁਧਿਆਣਾ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖਤ 22 ਸਾਲਾ ਗੁਰਸੀਸ ਸਿੰਘ ਵਜੋਂ ਹੋਈ ਹੈ। ਗੁਰਸੀਸ ਚਾਰ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮੁੱਢਲੀ ਜਾਂਚ ਮੁਤਾਬਕ ਗੁਰਸੀਸ ਦਾ ਕਤਲ ਉਸ ਦੇ ਗੁਆਂਢੀ ਨੇ ਹੀ ਕੀਤਾ ਹੈ। ਗੁਰਸੀਸ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਗਿਆ ਸੀ। ਉਸ ਨੂੰ 1 ਦਸੰਬਰ ਨੂੰ ਓਂਟਾਰੀਓ ਦੇ ਸਾਰਨੀਆ ਸ਼ਹਿਰ ਦੀ ਕੁਈਨ ਸਟਰੀਟ ਵਿੱਚ ਕਿਰਾਏ ਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਗੁਰਸੀਸ ਸਿੰਘ ਨੇ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ (PCTE), ਬੱਦੋਵਾਲ ਤੋਂ ਪੜ੍ਹਾਈ ਕੀਤੀ ਸੀ। ਉਸ ਨੇ ਆਪਣੀ ਗ੍ਰੈਜੂਏਸ਼ਨ ਲੁਧਿਆਣਾ ਤੋਂ ਪੂਰੀ ਕੀਤੀ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਲੈਂਬਟਨ ਕਾਲਜ ਤੋਂ ਬਿਜ਼ਨੈੱਸ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਕੈਨੇਡਾ ਦੀ ਸਾਰਨੀਆ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ 36 ਸਾਲਾ ਕਰਾਸਲੇ ਹੰਟਰ ਵਜੋਂ ਹੋਈ ਹੈ, ਜੋ ਸਾਰਨੀਆ ਦੀ 194 ਕੁਈਨ ਸਟਰੀਟ ਵਿਖੇ ਗੁਰਸੀਸ ਸਿੰਘ ਦੇ ਨਾਲ ਵਾਲੇ ਕਮਰੇ ਵਿੱਚ ਰਹਿੰਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਗੁਰਸੀਸ ’ਤੇ ਚਾਕੂ ਨਾਲ ਕਈ ਵਾਰ ਕੀਤੇ। ਮੁੱਢਲੀ ਜਾਂਚ ਮੁਤਾਬਕ ਰਸੋਈ ਵਿੱਚ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਇਸ ਦੌਰਾਨ ਹੰਟਰ ਨੇ ਚਾਕੂ ਨਾਲ ਗੁਰਸੀਸ ਉਪਰ ਕਈ ਵਾਰ ਕਰ ਦਿੱਤੇ। ਪੁਲਿਸ ਨੇ ਕਿਹਾ ਕਿ ਹੰਟਰ 'ਤੇ ਸੈਕਿੰਡ ਡਿਗਰੀ ਦੇ ਕਤਲ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਅਪਰਾਧ ਨਸਲੀ ਤੌਰ 'ਤੇ ਪ੍ਰੇਰਿਤ ਨਹੀਂ ਜਾਪਦਾ।
ਉਧਰ, ਗੁਰਸੀਸ ਸਿੰਘ ਦੇ ਪਿਤਾ ਚਰਨਜੀਤ ਸਿੰਘ (52) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸੁੱਤੇ ਪਏ ਮਾਰਿਆ ਗਿਆ ਹੈ ਤੇ ਸ਼ੱਕ ਹੈ ਕਿ ਮੁਲਜ਼ਮ ਨੇ ਨਸ਼ਾ ਕੀਤਾ ਹੋਇਆ ਸੀ। ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਸੀਸ ਦਾ ਡਾਕਟਰੀ ਮੁਆਇਨਾ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਬੇਟੇ ਦਾ ਬੇਰਹਿਮੀ ਨਾਲ ਕਤਲ ਹੋਣ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਸਾਡੇ ਨਾਲ ਗੱਲ ਕੀਤੀ ਸੀ ਤੇ ਉਹ ਬਹੁਤ ਖੁਸ਼ ਸੀ। ਉਹ ਸਾਨੂੰ ਜਲਦੀ ਹੀ ਕੈਨੇਡਾ ਬੁਲਾਉਣਾ ਚਾਹੁੰਦਾ ਸੀ ਤੇ ਕਿਹਾ ਕਿ ਪੂਰਾ ਪਰਿਵਾਰ ਜਲਦ ਇਕੱਠਾ ਹੋਏਗਾ।