Ludhiana News : ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਦੋ ਵੱਖ-ਵੱਖ ਮਾਮਲਿਆਂ ਵਿਚ 4 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਕਿੱਲੋ 795 ਗ੍ਰਾਮ ਹੈਰੋਇਨ, 20 ਹਜ਼ਾਰ ਰੁਪਏ ਦੀ ਡਰੱਗ ਮਨੀ, 2 ਦੋ ਪਹੀਆ ਵਾਹਨ ਅਤੇ ਬਿਜਲੀ ਸੰਚਾਲਿਤ ਕੰਡਾ ਆਦਿ ਬਰਾਮਦ ਕੀਤੇ ਹਨ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।



ਪ੍ਰੈਸ ਕਾਨਫਰੰਸ ਦੇ ਦੌਰਾਨ ਐਸਟੀਐਫ ਲੁਧਿਆਣਾ ਰੇਂਜ ਦੇ ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਦੋ ਵੱਖ -ਵੱਖ ਮਾਮਲਿਆਂ 'ਚ 4 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਕਿੱਲੋ 795 ਗ੍ਰਾਮ ਹੈਰੋਇਨ, 20 ਹਜ਼ਾਰ ਰੁਪਏ ਦੀ ਡਰੱਗ ਮਨੀ 2 ਦੋ ਪਹੀਆ ਵਾਹਨ ਅਤੇ ਬਿਜਲੀ ਸੰਚਾਲਿਤ ਕੰਡਾ ਆਦਿ ਬਰਾਮਦ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਪਹਿਲੇ ਮਾਮਲੇ 'ਚ ਥਾਣਾ ਮੌਤੀ ਨਗਰ ਦੇ ਅਧੀਨ ਆਉਂਦੇ ਇਲਾਕੇ 'ਚ ਸਕੂਟਰੀ ਸਵਾਰ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਵਿਨੀਤ ਕੁਮਾਰ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਸਕੂਟਰੀ ਵਿਚੋਂ 2 ਕਿੱਲੋ 400 ਗ੍ਰਾਮ ਹੈਰੋਇਨ, ਜੇਬ ਚੋ 15 ਗ੍ਰਾਮ ਹੈਰੋਇਨ, ਬਿਜਲੀ ਸੰਚਾਲਿਤ ਕੰਡਾ, 20 ਮੋਮੀ ਲਿਫਾਫੇ, 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। 

 

ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਵੇਚਣ ਦਾ ਗ਼ੈਰਕਾਨੂੰਨੀ ਧੰਦਾ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਇਸੇ ਪ੍ਰਕਾਰ ਦੇ ਮਾਮਲੇ 'ਚ ਥਾਣਾ ਮੌਤੀ ਨਗਰ ਦੇ ਅਧੀਨ ਆਉਂਦੇ ਇਲਾਕੇ 'ਚੋਂ ਹੀ ਸਕੂਟੀ ਸਵਾਰ ਧਰਨ ਸਿੱਧੂ ਅਤੇ ਦੀਪਕ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਸਕੂਟਰੀ ਵਿੱਚੋਂ 365 ਗ੍ਰਾਮ ਹੈਰੋਇਨ ਅਤੇ ਜੇਬ ਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। 

 

ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਹੀਰੋਇਨ ਸੇਵਨ ਕਰਨ ਦੇ ਆਦੀ ਹਨ। ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਨਾਜਾਇਜ਼ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ ਲੜਾਈ ਝਗੜੇ ਦੇ ਮਾਮਲੇ ਵੀ ਦਰਜ ਹਨ। ਪੁਲੀਸ ਵੱਲੋਂ ਹੁਣ ਦੋਸ਼ੀਆਂ ਤੋਂ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋਂ ਲਿਆਉਂਦੇ ਸਨ ਅਤੇ ਕਿੱਥੇ ਕਿੱਥੇ ਸਪਲਾਈ ਕਰਦੇ ਸਨ। ਪੁੱਛਗਿੱਛ ਦੌਰਾਨ ਦੋਸ਼ੀਆਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।