Ludhiana News: ਨਸ਼ਾ ਵੇਚਣ ਵਾਲਿਆਂ ਦੀ ਪੁਲਿਸ ਨੂੰ ਸ਼ਿਕਾਇਤ ਕਰਨ ’ਤੇ ਦੋ ਸਕੇ ਭਰਾ ਜਗਦੀਪ ਸਿੰਘ ਤੇ ਮਨਦੀਪ ਸਿੰਘ ਵਾਸੀ ਲੁਹਾਰੀਆਂ ਨੂੰ ਘੇਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਅਧੀਨ ਜਗਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਰਿਸ਼ਤੇ ’ਚ ਲੱਗਦੇ ਭਰਾ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਜੋ ਇਹ ਨਸ਼ੀਲੇ ਪਦਾਰਥ ਮਾਛੀਵਾੜਾ ਵਿੱਚ ਇੱਕ ਵਿਅਕਤੀ ਤੋਂ ਲੈ ਕੇ ਆਉਂਦਾ ਸੀ।
ਜਗਦੀਪ ਸਿੰਘ ਨੇ ਕਿਹਾ ਕਿ ਉਸ ਨੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਖਿਲਾਫ਼ ਮਾਛੀਵਾੜਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਜਦੋਂ ਪੁਲਿਸ ਉਸ ਦੇ ਘਰ ਛਾਪੇਮਾਰੀ ਕਰਨ ਗਈ ਤਾਂ ਉਹ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ। ਕੱਲ੍ਹ ਜਦੋਂ ਉਹ ਸਵੇਰੇ ਮਾਛੀਵਾੜਾ ਤੋਂ ਆਪਣੇ ਭਰਾ ਮਨਦੀਪ ਸਿੰਘ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਿਸ ਵਿਅਕਤੀ ਖਿਲਾਫ਼ ਉਸ ਨੇ ਸ਼ਿਕਾਇਤ ਕੀਤੀ ਸੀ, ਨੇ ਸਾਨੂੰ ਘੇਰ ਲਿਆ।
ਜਗਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ 4 ਵਿਅਕਤੀਆਂ ਨੇ ਘੇਰਿਆ ਜਿਨ੍ਹਾਂ ਨੇ ਉਸ ਉੱਪਰ ਡੰਡਿਆਂ ਨਾਲ ਹਮਲਾ ਕਰ ਕੁੱਟਮਾਰ ਕੀਤੀ ਜਿਸ ਕਾਰਨ ਉਹ ਲਹੂ-ਲੁਹਾਣ ਹੋ ਕੇ ਜਖ਼ਮੀ ਹੋ ਗਿਆ। ਕੁੱਟਮਾਰ ਤੋਂ ਬਾਅਦ ਸਾਰੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ ਤੇ ਉਹ ਇਲਾਜ ਲਈ ਹਸਪਤਾਲ ਦਾਖਲ ਹੋ ਗਿਆ। ਜਗਦੀਪ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਤੇ ਉਸ ਉੱਪਰ ਹਮਲਾ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਉਸ ਉੱਪਰ ਹਮਲਾ ਕਰਨ ਵਾਲਿਆਂ ਦੀ ਪਹਿਚਾਣ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਨੇ ਜੋ ਬਿਆਨ ਲਿਖਾਏ ਹਨ ਉਸ ਵਿੱਚ ਉਸ ਨੇ ਆਪਸੀ ਰੰਜਿਸ਼ ਦੱਸਿਆ ਹੈ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾਵਾਰ ਜੇਕਰ ਨਸ਼ਾ ਵੇਚਣ ਵਾਲੇ ਹਨ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।