Ludhiana News: ਲੁਧਿਆਣਾ ਜ਼ਿਲ੍ਹੇ ਵਿੱਚ ਪਤਨੀ ਨੇ ਆਪਣੇ ਮੂੰਹ ਬੋਲੇ ਭਰਾ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਪਤਨੀ ਤੇ ਉਸ ਦੇ ਮੂੰਹ ਬੋਲੇ ਭਰਾ ਨੇ 20 ਤੋਂ 30 ਹਜ਼ਾਰ ਦੀ ਸੁਪਾਰੀ ਦੇ ਕੇ ਕਤਲ ਕਰਵਾਇਆ ਹੈ। ਪੁਲਿਸ ਨੇ ਇਹ ਖੁਲਾਸਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਦੇ ਇੱਕ ਨੌਜਵਾਨ ਦੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਕੀਤਾ ਹੈ। ਪੁਲਿਸ ਅਨੁਸਾਰ ਮ੍ਰਿਤਕ ਦੀ ਪਤਨੀ ਨੇ ਹੀ ਉਸ ਦਾ ਕਤਲ ਕੀਤਾ ਹੈ। 


ਦੱਸ ਦਈਏ ਕਿ ਹਰਜੀਤ ਸਿੰਘ (35) ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢੀ ਗਈ ਲਾਸ਼ ਡੇਹਲੋਂ ਅਧੀਨ ਪੈਂਦੇ ਖਾਨਪੁਰ ਪਿੰਡ ਦੀ ਹੱਦ ’ਤੇ ਸਰਹਿੰਦ ਨਹਿਰ ਦੀ ਅਬੋਹਰ ਬ੍ਰਾਂਚ ਦੇ ਕੰਢੇ ਝਾੜੀਆਂ ਵਿੱਚੋਂ ਮਿਲੀ ਸੀ। ਮ੍ਰਿਤਕ ਦੇ ਬੁੱਧਵਾਰ ਸ਼ਾਮ ਤੋਂ ਲਾਪਤਾ ਹੋਣ ਤੋਂ ਬਾਅਦ ਪੁਲਿਸ ਕੋਲ ਕੋਈ ਸੁਰਾਗ ਨਹੀਂ ਸੀ। 


ਭਾਵੇਂ ਪੁਲਿਸ ਨੇ ਅਜੇ ਕਿਸੇ ਵੀ ਮੁਲਜ਼ਮ ਨੂੰ ਕਾਬੂ ਕਰਨ ਬਾਰੇ ਨਹੀਂ ਦੱਸਿਆ ਪਰ ਇਹ ਦਾਅਵਾ ਕੀਤਾ ਹੈ ਕਿ ਕਤਲ ਉਸ ਦੀ ਪਤਨੀ ਤੇ ਉਸਦੇ ਘਰ ਰਹਿੰਦੇ ਹੀ ਉਸ ਦੇ (ਪਤਨੀ ਦੇ) ਮੂੰਹ ਬੋਲੇ ਭਰਾ (ਬੰਗਾਲੀ) ਨੇ ਦੋ ਹੋਰ ਵਿਅਕਤੀਆਂ ਨੂੰ ਸੁਪਾਰੀ ਦੇ ਕੇ ਕਰਵਾਇਆ ਹੈ। 


ਹਰਜੀਤ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਡੇਹਲੋਂ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਦੇ ਹਰਕਤ ਵਿੱਚ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਮ੍ਰਿਤਕ ਦੀ ਪਤਨੀ ਮਨੀ ਕੌਰ ਤੇ ਉਸ ਦਾ ਮੂੰਹ ਬੋਲਿਆ ਭਰਾ ਬੰਗਾਲੀ ਘਰੋਂ ਗਾਇਬ ਹੋ ਗਏ ਜਿਨ੍ਹਾਂ ਨੂੰ ਫੜਣ ਲਈ ਛਾਪੇ ਮਾਰੇ ਜਾ ਰਹੇ ਹਨ। 


ਅਸਿਸਟੈਂਟ ਕਮਿਸ਼ਨਰ ਪੁਲਿਸ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਆਪਣੇ ਸੂਤਰਾਂ ਨਾਲ ਪਤਾ ਲਾ ਲਿਆ ਸੀ ਕਿ ਕਤਲ ਵਿੱਚ ਮ੍ਰਿਤਕ ਦੀ ਪਤਨੀ ਤੇ ਉਸ ਦੇ ਘਰ ਵਿੱਚ ਹੀ ਰਹਿ ਰਹੇ ਬੰਗਾਲੀ ਨਾਂ ਦੇ ਵਿਅਕਤੀ ਦਾ ਹੱਥ ਹੈ। 


ਭਾਵੇਂ ਪੂਰੇ ਘਟਣਾਕ੍ਰਮ ਬਾਰੇ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਮੁੱਢਲੀ ਤਫਤੀਸ਼ ਵਿੱਚ ਇਹ ਮਾਮਲਾ ਸੁਪਾਰੀ ਕਿਲਿੰਗ ਦਾ ਲੱਗਦਾ ਹੈ ਤੇ ਤਕਰੀਬਨ ਵੀਹ ਤੀਹ ਹਜ਼ਾਰ ਦੀ ਸੁਪਾਰੀ ਲੈ ਕੇ ਕਤਲ ਕਰਨ ਬਾਰੇ ਦੋ ਮੁਲਜ਼ਮਾਂ ਦਾ ਅਸਲ ਪਤਾ ਮੁੱਖ ਮੁਲਜ਼ਮਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਲੱਗੇਗਾ। ਇਹ ਵੀ ਲੱਗਦਾ ਹੈ ਕਿ ਹਰਜੀਤ ਸਿੰਘ ਨੂੰ ਕਿਸੇ ਹੋਰ ਕਤਲ ਕਰ ਕੇ ਲਾਸ਼ ਘਰ ਤੋਂ 10 ਕਿਲੋਮੀਟਰ ਦੂਰ ਇੱਥੇ ਲਿਆ ਕੇ ਸੁੱਟੀ ਗਈ ਸੀ।