Ludhiana News: ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਵਿੱਚ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਏ ਘਰ ਢਾਹੁਣ ਲਈ ਪੰਚਾਇਤ ਤੇ ਮਾਲ ਵਿਭਾਗ ਦੇ ਅਧਿਕਾਰੀ ਪੁੱਜੇ ਪਰ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ। ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਉਪਰੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਛੇੜੀ ਹੋਈ ਹੈ। ਇਸ ਦਾ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।


ਇਸ ਸਬੰਧੀ ਪਿੰਡ ਲੁਬਾਣਗੜ੍ਹ ਵਾਸੀ ਬਲਜੀਤ ਕੁਮਾਰ ਤੇ ਅਮਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਘਰ ਬਣਾਏ ਹੋਏ ਹਨ। ਇਸ ਸਬੰਧੀ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਕੇਸ ਚੱਲਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਉਹ ਕਬਜ਼ਾ ਛੱਡ ਦੇਣ ਨਹੀਂ ਤਾਂ ਘਰ ਢਾਹ ਦਿੱਤੇ ਜਾਣਗੇ।


ਅਮਰ ਚੰਦ ਨੇ ਦੱਸਿਆ ਕਿ ਵੋਟਾਂ ਦੀ ਰੰਜਿਸ਼ ਕਾਰਨ ਸਰਪੰਚ ਪੰਚਾਇਤ ਅਧਿਕਾਰੀਆਂ ਨਾਲ ਮਿਲ ਕੇ ਉਸ ਦਾ ਮਕਾਨ ਢਾਹੁਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਹੋਰ ਵੀ ਘਰ ਪੰਚਾਇਤੀ ਜ਼ਮੀਨ ’ਤੇ ਬਣੇ ਹੋਏ ਹਨ ਪਰ ਉਨ੍ਹਾਂ ਨੂੰ ਚੋਣਾਂ ਦੀ ਰੰਜਿਸ਼ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।



ਉਧਰ, ਇਸ ਸਬੰਧੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ ਨਕਾਰਦਿਆਂ ਕਿਹਾ ਕਿ ਜਿਨ੍ਹਾਂ ਵੀ ਬੰਦਿਆਂ ਨੇ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਤੋਂ ਵਿਭਾਗ ਇਹ ਛੁਡਵਾ ਰਿਹਾ ਹੈ ਪੰਚਾਇਤ ਨਹੀਂ।ਇਸ ਬਾਰੇ ਬਲਾਕ ਪੰਚਾਇਤ ਅਫ਼ਸਰ ਗੁਰਪ੍ਰੀਤ ਸਿੰਘ ਮਾਂਗਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਿਨ੍ਹਾਂ ਨੇ ਵੀ ਨਾਜਾਇਜ਼ ਕਬਜ਼ੇ ਕੀਤੇ ਹਨ, ਉਹ ਛੁਡਵਾਏ ਜਾ ਰਹੇ ਹਨ। ਜਦੋਂ ਉਨ੍ਹਾਂ ਦੀ ਟੀਮ ਪਿੰਡ ਲੁਬਾਣਗੜ੍ਹ ਪੁੱਜੀ ਤਾਂ ਉੱਥੇ ਪੁਲਿਸ ਸਹਾਇਤਾ ਨਾ ਹੋਣ ਕਾਰਨ ਉਹ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਜਲਦ ਹੀ ਅਗਲੀ ਵਾਰ ਪੁਲਿਸ ਟੀਮ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ੇ ਢਾਹੇ ਜਾਣਗੇ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।