Ludhiana News, Ludhiana Marriage palace Fire: ਲੁਧਿਆਣਾ ਦੇ ਮੈਰਿਜ ਪੈਲੇਸ 'ਚ ਗੋਲੀਆਂ ਚੱਲਣ ਮਗਰੋਂ ਪੁਲਿਸ ਐਕਸ਼ਨ ਮੋਡ ਵਿੱਚ ਹੈ। ਪੁਲਿਸ ਹਥਿਆਰ ਦਾ ਲਾਇਸੰਸ ਰੱਦ ਕਰਨ ਦੇ ਨਾਲ ਹੀ ਮੈਰਿਜ ਪੈਲੇਸ ਦੇ ਮਾਲਕਾਂ ਖਿਲਾਫ ਵੀ ਸਖਤ ਐਕਸ਼ਨ ਲੈ ਰਹੀ ਹੈ। ਮੈਰਿਜ ਪੈਲੇਸ ਦੇ ਮਾਲਕ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ। ਜੇਕਰ ਫਿਰ ਵੀ ਕੋਈ ਮੈਰਿਜ ਪੈਲੇਸ ਮਾਲਕ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।


ਦਰਅਸਲ ਕੱਲ੍ਹ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਐਲੀ ਗ੍ਰੀਨ ਮੈਰਿਜ ਪੈਲੇਸ 'ਚ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਸੀ। ਇਸ ਮਗਰੋਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। 


ਉਨ੍ਹਾਂ ਨੇ ਕਿਹਾ ਜਿਸ ਨੌਜਵਾਨ ਕੋਲ ਪਿਸਤੌਲ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਹਥਿਆਰ ਲਾਇਸੰਸੀ ਹੈ, ਜਿਸ ਕਾਰਨ ਲਾਇਸੈਂਸ ਵੀ ਰੱਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਮੈਰਿਜ ਪੈਲੇਸ ਵਾਲਿਆਂ ਖਿਲਾਫ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।


ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਜੇਕਰ ਮੈਰਿਜ ਪੈਲੇਸ ਵਾਲਿਆਂ ਦੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਹਰ ਮੈਰਿਜ ਪੈਲੇਸ ਮਾਲਕ ਨੂੰ ਅਗਾਊਂ ਹੁਕਮ ਕਰ ਦਿੱਤੇ ਗਏ ਹਨ ਕਿ ਮੈਰਿਜ ਪੈਲੇਸ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ। ਜੇਕਰ ਫਿਰ ਵੀ ਕੋਈ ਮੈਰਿਜ ਪੈਲੇਸ ਮਾਲਕ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।


ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਹਰ ਥਾਣਾ ਇੰਚਾਰਜ ਵੱਲੋਂ ਆਪਣੇ ਇਲਾਕਿਆਂ ਦੇ ਮੈਰਿਜ ਪੈਲੇਸਾਂ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਮੈਰਿਜ ਪੈਲੇਸ ਦੇ ਬਾਹਰ ਹਥਿਆਰਾਂ ਦੀ ਮਨਾਹੀ ਦਾ ਬੋਰਡ ਲੱਗਾ ਨਹੀਂ ਮਿਲਿਆ ਤੇ ਜ਼ਮੀਨੀ ਪੱਧਰ 'ਤੇ ਕੋਈ ਚੈਕਿੰਗ ਨਜ਼ਰ ਨਾ ਆਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਹਰ ਮੈਰਿਜ ਪੈਲੇਸ ਸੰਚਾਲਕ ਨੂੰ ਪੈਲੇਸ ਵਿੱਚ ਸੀਸੀਟੀਵੀ ਲਾਉਣ ਦੇ ਆਦੇਸ਼ ਦਿੱਤੇ ਗਏ ਹਨ।


ਦੱਸ ਦਈਏ ਕਿ ਲੰਘੇ ਦਿਨ ਡੀਜੇ 'ਤੇ ਗਾਣਾ ਬਦਲਣ ਨੂੰ ਲੈ ਕੇ ਹੋਏ ਤਕਰਾਰ ਮਗਰੋਂ ਗੋਲੀਆਂ ਚਲਾਈਆਂ ਗਈਆਂ ਸਨ। ਗੀਤ ਬਦਲਣ ਨੂੰ ਲੈ ਕੇ ਲੜਕੇ ਦੇ ਨਾਨਕਾ ਤੇ ਦਾਦਕਾ ਪਰਿਵਾਰ ਵਿਚਾਲੇ ਤਕਰਾਰ ਹੋ ਗਈ ਸੀ। ਇਸ ਦੌਰਾਨ ਦਾਦਕਾ ਪਰਿਵਾਰ ਦੇ ਇੱਕ ਨੌਜਵਾਨ ਨੇ ਤਿੰਨ ਹਵਾਈ ਫਾਇਰ ਕੀਤੇ। ਇੱਕ ਗੋਲੀ ਨੇੜੇ ਖੜ੍ਹੇ ਨੌਜਵਾਨ ਦੀ ਛਾਤੀ ਨੂੰ ਛੂਹ ਕੇ ਨਿਕਲ ਗਈ। 


ਜ਼ਖ਼ਮੀ ਦੀ ਪਛਾਣ ਗੁਰਸੇਵਕ ਸਿੰਘ ਵਿੱਕੀ ਵਾਸੀ ਪਿੰਡ ਛਪਾਰ ਵਜੋਂ ਹੋਈ ਹੈ। ਲੋਕਾਂ ਦੀ ਮਦਦ ਨਾਲ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਥਾਣਾ ਦੁੱਗਰੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਮੈਰਿਜ ਪੈਲੇਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਇਸ ਦੌਰਾਨ ਪੁਲਿਸ ਨੇ ਵੀਡੀਓ ਦੇ ਆਧਾਰ 'ਤੇ 7 ਨੌਜਵਾਨਾਂ ਨੂੰ ਰਾਊਂਡਅਪ ਕੀਤਾ ਹੈ।