Ludhiana News: ਵਿਆਹੁਤਾ ਵੱਲੋਂ ਜ਼ਹਿਰ ਖਾਣ ਤੋਂ ਬਾਅਦ ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ਖੂਨੀ ਲੜਾਈ ਵਿੱਚ ਵਿਆਹੁਤਾ ਦਾ ਦਿਓਰ ਸੁਖਚੈਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਸਹੁਰਾ ਗੁਲਸ਼ਨ ਸਿੰਘ ਤੇ ਇੱਕ ਹੋਰ ਰਿਸ਼ਤੇਦਾਰ ਨੂੰ ਵੀ ਸੱਟਾਂ ਲੱਗੀਆਂ ਹਨ। ਹਸਪਤਾਲ ਵਿੱਚ ਸ਼ਰੇਆਮ ਤਲਵਾਰਾਂ ਨਾਲ ਹਮਲਾ ਕਰਨ ਦੀਆਂ ਲਾਈਵ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਇਸ ਖੂਨੀ ਜੰਗ ਵਿੱਚ ਹਸਪਤਾਲ ਵਿੱਚ ਸਾਰੇ ਫਰਸ਼ ’ਤੇ ਖ਼ੂਨ ਖਿੱਲਰਿਆ ਦਿਖਾਈ ਦਿੱਤਾ।


ਹਾਸਲ ਜਾਣਕਾਰੀ ਅਨੁਸਾਰ ਪਿੰਡ ਸਿਕੰਦਰਪੁਰ ਵਿਖੇ ਵਿਆਹੀ ਜਸਵੀਰ ਕੌਰ ਨੇ ਘਰੇਲੂ ਕਾਰਨਾਂ ਕਰਕੇ ਜ਼ਹਿਰ ਖਾ ਲਿਆ। ਇਸ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਖੇ ਲੈ ਕੇ ਆਇਆ। ਵਿਆਹੁਤਾ ਵੱਲੋਂ ਜ਼ਹਿਰ ਖਾਣ ਦੀ ਖ਼ਬਰ ਜਿਉਂ ਹੀ ਪੇਕੇ ਪਰਿਵਾਰ ਪਿੰਡ ਬੌਂਕੜਾ ਵਿਖੇ ਪੁੱਜੀ ਤਾਂ ਉਹ ਵੀ ਹਸਪਤਾਲ ਵਿਖੇ ਪਹੁੰਚ ਗਏ।



ਹਸਪਤਾਲ ਵਿੱਚ ਦੋਵਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਇੰਨੀ ਵਧ ਗਈ ਕਿ ਇਸ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ। ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਵਿਆਹੁਤਾ ਦੇ ਪੇਕੇ ਪਰਿਵਾਰ ਤੋਂ ਆਏ ਰਿਸ਼ਤੇਦਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਦਿਓਰ ਸੁਖਚੈਨ ਸਿੰਘ ਦੇ ਢਿੱਡ ਵਿਚ ਕੁਝ ਮਾਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਇਸ ਲੜਾਈ ਵਿੱਚ ਗੁਲਸ਼ਨ ਸਿੰਘ ਤੇ ਹੋਰ ਰਿਸ਼ਤੇਦਾਰ ਹਰਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ।  


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਖ਼ਮੀ ਹੋਏ ਗੁਲਸ਼ਨ ਸਿੰਘ ਨੇ ਦੱਸਿਆ ਕਿ ਕੁਝ ਘਰੇਲੂ ਝਗੜੇ ਕਾਰਨ ਉਨ੍ਹਾਂ ਦੀ ਨੂੰਹ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜੋ ਖ਼ਤਰੇ ਤੋਂ ਬਿਲਕੁਲ ਬਾਹਰ ਸੀ ਪਰ ਅਚਨਚੇਤ ਵਿਆਹੁਤਾ ਦੇ ਪੇਕੇ ਪਰਿਵਾਰ ਨੇ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਵਿੱਚ ਉਸ ਦਾ ਪੁੱਤਰ ਸੁਖਚੈਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਲੈ ਲਈ ਗਈ ਹੈ। 


ਥਾਣਾ ਮੁਖੀ ਨੇ ਦੱਸਿਆ ਕਿ ਇਸ ਖੂਨੀ ਲੜਾਈ ’ਚ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਿਵਲ ਹਸਪਤਾਲ ਦੇ ਡਾਕਟਰ ਹਿਤੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਸਾਡੇ ਕੋਲ਼ ਇੱਕ ਲੜਾਈ ਦਾ ਕੇਸ ਆਇਆ ਸੀ ਜਿਸ ਵਿੱਚ ਤਿੰਨ ਜਾਣੇ ਜਖ਼ਮੀ ਆਏ ਸੀ। ਉਨ੍ਹਾਂ ਵਿੱਚੋਂ ਇੱਕ ਨੂੰ ਚੰਡੀਗੜ੍ਹ ਦੇ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ।