Ludhiana News: ਪੰਜਾਬ ਸਰਕਾਰ ਵੱਲੋਂ ਇਸ ਵਾਰ ਫਿਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੂਬੇ ਵਿੱਚ ਨਵੇਂ 125 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿੱਚ ਇਨ੍ਹਾਂ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਸਮਰਪਿਤ ਕਰ ਸਕਦੇ ਹਨ।


ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ 125 ਆਮ ਆਦਮੀ ਕਲੀਨਿਕਾਂ ਵਿੱਚੋਂ 112 ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਡਾਕਟਰ ਤੋਂ ਲੈ ਕੇ ਹੋਰ ਸਟਾਫ਼ ਵੀ ਤਾਇਨਾਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ’ਚ ਡਾਕਟਰ, ਫਾਰਮਾਸਿਸਟ ਤੇ ਲੈਬ ਅਸਿਸਟੈਂਟ ਸ਼ਾਮਲ ਹਨ। ਇਹ ਕਲੀਨਿਕ ਜਿਵੇਂ ਹੀ ਸ਼ੁਰੂ ਹੋਣਗੇ ਤਾਂ ਸਟਾਫ਼ ਆਪਣੀ ਡਿਊਟੀ ਸੰਭਾਲ ਲਵੇਗਾ। ਇਸ ਤੋਂ ਪਹਿਲਾਂ ਸੂਬੇ ’ਚ 644 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ ਜਿਨ੍ਹਾਂ ਦਾ ਲੋਕਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। 


ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਅਸਮਰੱਥ ਲੋਕਾਂ ਲਈ ਮੁਹੱਲਾ ਕਲੀਨਿਕ ਵਰਦਾਨ ਸਾਬਤ ਹੋ ਰਹੇ ਹਨ, ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਤੇ ਵਿੱਤੀ ਸ਼ੋਸ਼ਣ ਬੰਦ ਹੋ ਗਿਆ ਹੈ।


ਇਨ੍ਹਾਂ ਜ਼ਿਲ੍ਹਿਆਂ ਵਿੱਚ ਖੁੱਲ੍ਹਣਗੇ ਮੁਹੱਲਾ ਕਲੀਨਿਕ
ਸਿਹਤ ਵਿਭਾਗ ਅਨੁਸਾਰ 16 ਨਵੇਂ ਕਲੀਨਿਕ ਲੁਧਿਆਣਾ ਵਿੱਚ, ਅੰਮ੍ਰਿਤਸਰ ਵਿੱਚ 10 ਕਲੀਨਿਕ, ਬਠਿੰਡਾ ਵਿੱਚ 9, ਫਰੀਦਕੋਟ ਵਿੱਚ 3, ਫਿਰੋਜ਼ਪੁਰ ਵਿੱਚ 2, ਗੁਰਦਾਸਪੁਰ ਵਿੱਚ 6, ਜਲੰਧਰ ਵਿੱਚ 10, ਕਪੂਰਥਲਾ ਵਿੱਚ 4, ਮੋਗਾ ਵਿੱਚ 3, ਪਠਾਨਕੋਟ ਵਿੱਚ 3, ਪਟਿਆਲਾ ਵਿੱਚ 7, ਸੰਗਰੂਰ ਵਿੱਚ 8, ਐਸਬੀਐਸ ਨਗਰ ਵਿੱਚ 2, ਸ਼੍ਰੀ ਮੁਕਤਸਰ ਸਾਹਿਬ ਵਿੱਚ 2, ਤਰਨ ਤਾਰਨ ਵਿੱਚ 11 ਖੋਲ੍ਹੇ ਜਾਣਗੇ। ਇਨ੍ਹਾਂ ਸਾਰੇ ਕਲੀਨਿਕਾਂ ’ਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ।